ਓਟਵਾ-ਇੱਕ ਪਾਸੇ ਲਿਬਰਲ ਤੇ ਨਿਊ ਡੈਮੋਕ੍ਰੈਟਸ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਹਨ ਕਿ ਭਵਿੱਖ ਦਾ ਨੈਸ਼ਨਲ ਡਰੱਗ ਪਲੈਨ ਕਿਹੋ ਜਿਹਾ ਹੋਵੇਗਾ ਉੱਥੇ ਹੀ ਦੂਜੇ ਪਾਸੇ ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਬਹੁਤੇ ਕੈਨੇਡੀਅਨਜ਼ ਲਈ ਫਾਰਮਾਕੇਅਰ ਮੁੱਖ ਤਰਜੀਹ ਨਹੀਂ ਹੈ। ਜਾਣਕਾਰੀ ਮੁਤਾਬਕ ਇਹ ਪੁੱਛੇ ਜਾਣ ਉੱਤੇ ਕਿ ਆਪਣੀਆਂ ਦੋ ਹੈਲਥ ਕੇਅਰ ਤਰਜੀਹਾਂ ਬਾਰੇ ਦੱਸੋ ਤਾਂ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਸਿਰਫ 18 ਫੀ ਸਦੀ ਲੋਕਾਂ ਨੇ ਇਹ ਆਖਿਆ ਕਿ ਸਰਕਾਰ ਨੂੰ ਨਵਾਂ, ਯੂਨੀਵਰਸਲ, ਸਿੰਗਲ ਪੇਅਰ ਡਰੱਗ ਪਲੈਨ ਲਿਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਜੀਕਲ ਵੇਟ ਟਾਈਮਜ਼, ਵਧੇਰੇ ਲਾਂਗ ਟਰਮ ਕੇਅਰ ਘਰ ਬਣਾਉਣ ਤੇ ਮੈਂਟਲ ਹੈਲਥ ਸੇਵਾਵਾਂ ਦਾ ਪਸਾਰ ਕਰਨ ਵੱਲ ਲੋਕਾਂ ਦਾ ਕ੍ਰਮਵਾਰ 36 ਫੀ ਸਦੀ, 32 ਫੀ ਸਦੀ ਤੇ 30 ਫੀ ਸਦੀ ਰੁਝਾਨ ਸੀ। ਲੈਜਰ ਦੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਕ੍ਰਿਸਚੀਅਨ ਬੁਰਕ ਨੇ ਆਖਿਆ ਕਿ ਕੈਨੇਡੀਅਨਜ਼ ਦੀ ਤਰਜੀਹੀ ਸੂਚੀ ਵਿੱਚ ਨੈਸ਼ਨਲ ਡਰੱਗ ਪਲੈਨ ਹੈ ਹੀ ਨਹੀਂ। ਜ਼ਿਕਰਯੋਗ ਹੈ ਕਿ ਐਨਡੀਪੀ ਨਾਲ ਕੀਤੇ ਗਏ ਸਿਆਸੀ ਸਮਝੌਤੇ ਤਹਿਤ ਲਿਬਰਲਾਂ ਨੇ ਫਾਰਮਾਕੇਅਰ ਲੈਜਿਸਲੇਸ਼ਨ ਪਾਸ ਕਰਨ ਦਾ ਵਾਅਦਾ ਕੀਤਾ ਸੀ। ਸਰਵੇਖਣ ਤੋਂ ਸਾਹਮਣੇ ਆਇਆ ਕਿ 53 ਫੀਸਦੀ ਕੈਨੇਡੀਅਨਜ਼ ਨੂੰ ਸਰਕਾਰ ਦੀਆਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਬਾਰੇ ਕੁੱਝ ਪਤਾ ਹੀ ਨਹੀਂ ਹੈ।