ਚੰਡੀਗੜ੍ਹ- ‘ਇੰਡੀਆ’ ਗੱਠਜੋੜ ਦੀ ਲੰਘੇ ਦਿਨ ਦਿੱਲੀ ਵਿੱਚ ਹੋਈ ਮੀਟਿੰਗ ’ਚ 31 ਦਸੰਬਰ ਤੱਕ ਸੀਟਾਂ ਦੇ ਵੰਡ ਨੂੰ ਲੈ ਕੇ ਰਣਨੀਤੀ ਵਿਉਂਤੇ ਜਾਣ ਦੀ ਗੱਲ ਤੁਰੀ ਸੀ, ਜਿਸ ਤੋਂ ਪੰਜਾਬ ਵਿਚ ‘ਆਪ’ ਤੇ ਕਾਂਗਰਸ ’ਚ ਸਿਆਸੀ ਗੱਠਜੋੜ ਹੋਣ ਦੇ ਆਸਾਰ ਜਾਪਦੇ ਸਨ। ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਗੱਠਜੋੜ ਹੋਣ ਦੇ ਆਸਾਰ ਮੱਠੇ ਪੈ ਗਏ ਹਨ। ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਇਕੱਲੇ ਚੋਣ ਲੜ ਸਕਦੀ ਹੈ। ਜਿਕਰਯੋਗ ਹੈ ਕਿ ਹਰਿਆਣਾ ਵਿਚ ‘ਆਪ’ ਦੋ ਲੋਕ ਸਭਾ ਸੀਟਾਂ ਕੁਰੂਕਸ਼ੇਤਰ ਅਤੇ ਹਿਸਾਰ ਤੋਂ ਚੋਣ ਲੜਨਾ ਚਾਹੁੰਦੀ ਸੀ, ਪਰ ਸੀਟਾਂ ਦੀ ਵੰਡ ਤਹਿਤ ਪਾਰਟੀ ਹੁਣ ਕਾਂਗਰਸ ਲਈ ਸਮੁੱਚਾ ਹਰਿਆਣਾ ਅਤੇ ਦਿੱਲੀ ਵਿਚ ਤਿੰਨ ਸੀਟਾਂ ਛੱਡ ਸਕਦੀ ਹੈ। ‘ਆਪ’ ਵੱਲੋਂ ਗੁਜਰਾਤ ਵਿਚ ਵੀ ਇੱਕ ਸੀਟ ’ਤੇ ਦਾਅਵੇਦਾਰੀ ਜਤਾਈ ਗਈ ਹੈ। ਸੂਤਰ ਦੱਸਦੇ ਹਨ ਕਿ ‘ਆਪ’ ਲਈ ਦਿੱਲੀ ਤੇ ਪੰਜਾਬ ਸਭ ਤੋਂ ਅਹਿਮ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀਂ ਮੌੜ ਮੰਡੀ ਵਿਚ ਜਨਤਕ ਤੌਰ ’ਤੇ ਪੰਜਾਬ ਦੀਆਂ 13 ਸੀਟਾਂ ‘ਆਪ’ ਦੀ ਝੋਲੀ ਪਾਉਣ ਦੀ ਅਪੀਲ ਕੀਤੀ ਸੀ, ਜੋ ਇਸ ਗੱਲ ਦਾ ਇਸ਼ਾਰਾ ਸੀ ਕਿ ‘ਆਪ’ ਪੰਜਾਬ ਵਿੱਚ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜਨ ਦੀ ਇੱਛੁਕ ਹੈ। ਉਧਰ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਵੀ ‘ਆਪ’ ਨਾਲ ਕੋਈ ਗੱਠਜੋੜ ਨਾ ਕਰਨ ਦੀ ਗੱਲ ਆਖ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਪੰਜਾਬ ਵਿਚ ‘ਆਪ’ ਤੇ ਕਾਂਗਰਸ ਦਰਮਿਆਨ ਗੱਠਜੋੜ ਨੂੰ ਲੈ ਕੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਵੜਿੰਗ ਨੇ ਕਿਹਾ ਕਿ ਹਾਈਕਮਾਨ ਨੇ ਪੰਜਾਬ ਕਾਂਗਰਸ ਨੂੰ 13 ਸੀਟਾਂ ’ਤੇ ਤਿਆਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਤੇ ਸੀਟਾਂ ਆਦਿ ਦੀ ਵੰਡ ਬਾਰੇ ਫੈਸਲਾ ਪਾਰਟੀ ਹਾਈਕਮਾਨ ਨੇ ਲੈਣਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਆਖ ਚੁੱਕੇ ਹਨ ਕਿ ਕਾਂਗਰਸ 13 ਸੀਟਾਂ ’ਤੇ ਆਪਣੇ ਤੌਰ ’ਤੇ ਚੋਣ ਲੜੇਗੀ।