Punjab

ਅਕਾਲੀ ਦਲ ਦੇ ਨਾਰਾਜ਼ ਹੋ ਕੇ ਗਏ ਆਗੁੂਆਂ ਨੂੰ ਮੁੜ ਵਾਪਸ ਲਿਆਉਣ ਲਈ ਵਿੱਢੀ ਮੁਹਿੰਮ

  • Punjabi Bulletin
  • Dec 26, 2023
ਅਕਾਲੀ ਦਲ ਦੇ ਨਾਰਾਜ਼ ਹੋ ਕੇ ਗਏ ਆਗੁੂਆਂ ਨੂੰ ਮੁੜ ਵਾਪਸ ਲਿਆਉਣ ਲਈ ਵਿੱਢੀ ਮੁਹਿੰਮ
  • 84 views

ਚੰਡੀਗੜ੍ਹ-ਅਕਾਲੀ ਦਲ ਦੇ ਨਾਰਾਜ਼ ਹੋ ਕੇ ਗਏ ਆਗੁੂਆਂ ਨੂੰ ਮੁੜ ਵਾਪਸ ਲਿਆਉਣ ਲਈ ਵਿੱਢੀ ਮੁਹਿੰਮ ਤੋਂ ਬਾਅਦ ਅਕਾਲੀ ਦਲ ਦੇ ਆਗੂ ਪਾਰਟੀ ਦੇ ਮੁੜ-ਪੈਰਾਂ ਸਿਰ ਹੋਣ ਦੀ ਆਸ ਲਾਉਣ ਲੱਗੇ ਹਨ। ਜਾਣਕਾਰੀ ਮੁਤਾਬਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 14 ਦਸੰਬਰ ਨੂੰ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਰੁੱਸੇ ਹੋਏ ਆਗੂਆਂ ਨੂੰ ਘਰ ਵਾਪਸੀ ਦੀ ਅਪੀਲ ਕੀਤੀ ਗਈ ਸੀ। ਸ੍ਰੀ ਬਾਦਲ ਦੀ ਅਪੀਲ ਤੋਂ ਬਾਅਦ ਅਕਾਲੀ ਆਗੂਆਂ ਨੇ ਰੁੱਸੇ ਹੋਏ ਪੁਰਾਣੇ ਆਗੂਆਂ ਨਾਲ ਜੋੜ-ਤੋੜ ਆਰੰਭ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਣੇ ਹੋਰਨਾਂ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਦੇ ਅਕਾਲੀ ਆਗੂ ਮਨਜੀਤ ਸਿੰਘ ਜੀਕੇ ਨੂੰ ਅਕਾਲੀ ਦਲ ਵਿੱਚ ਵਾਪਸ ਲਿਆਉਣ ’ਚ ਵੀ ਚੰਦੂਮਾਜਰਾ ਨੇ ਭੂਮਿਕਾ ਨਿਭਾਈ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਅਕਾਲੀ ਦਲ ਵਿੱਚ ਵਾਪਸ ਆਉਣ ਤੋਂ ਬਾਅਦ ਪਾਰਟੀ ਕੌਮੀ ਰਾਜਧਾਨੀ ਵਿੱਚ ਪਹਿਲਾਂ ਨਾਲੋਂ ਮਜ਼ਬੂਤ ਸਥਿਤੀ ਵਿੱਚ ਹੋਣ ਦਾ ਦਾਅਵਾ ਕਰਨ ਲੱਗੀ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਪਾਰਟੀ ਦੀਆਂ ਹੋਰਨਾਂ ਮਹਿਲਾ ਆਗੂਆਂ ਜਿਨ੍ਹਾਂ ਬਗਾਵਤ ਦਾ ਰੁਖ਼ ਅਖਤਿਆਰ ਕਰ ਲਿਆ ਸੀ, ਨੂੰ ਵੀ ਪਾਰਟੀ ਵਿੱਚ ਮੁੜ ਤੋਂ ਸਰਗਰਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਵੀ ਮੁੜ ਤੋਂ ਗੱਠਜੋੜ ਕਰਨ ਦੇ ਯਤਨ ਕੀਤੇ ਜਾ ਰਹੇ ਹਨ।  ਸੁਖਬੀਰ ਬਾਦਲ ਵੱਲੋਂ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਇੱਕ ਮੀਟਿੰਗ ਕਰ ਕੇ ‘ਪੰਥਕ ਏਕਤਾ’ ਵਿਚਾਰਨ ਲਈ ਕਮੇਟੀ ਗਠਿਤ ਕਰਨ ਦਾ ਫੈਸਲਾ ਲਿਆ ਹੈ।  ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀਆਂ ਦਾ ਵੋਟ ਬੈਂਕ ਘਟ ਕੇ 18 ਫੀਸਦੀ ਤੱਕ ਰਹਿ ਗਿਆ ਸੀ। ਪੰਜਾਬ ਵਿਧਾਨ ਸਭਾ ਵਿੱਚ ਵੀ ਪਾਰਟੀ ਨੂੰ ਤਿੰਨ ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਇਸ ਤਰ੍ਹਾਂ ਆਗਾਮੀ ਸੰਸਦੀ ਚੋਣਾਂ ਅਕਾਲੀ ਦਲ, ਖਾਸ ਕਰ ਕੇ ਸੁਖਬੀਰ ਬਾਦਲ ਲਈ ਵੱਡੀ ਪ੍ਰੀਖਿਆ ਹਨ।


Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024