Punjab

ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮਾਂ ਵਧਾਉਣ ਦੀ ਕੀਤੀ ਅਪੀਲ

  • Punjabi Bulletin
  • Jan 01, 2024
ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮਾਂ ਵਧਾਉਣ ਦੀ ਕੀਤੀ ਅਪੀਲ
  • 81 views
ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਪੱਤਰ ਲਿਖ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਕੁਝ ਹੋਰ ਸਮਾਂ ਵਧਾਉਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ 6 ਦਸੰਬਰ 2023 ਨੂੰ ਹੋਈ ਇਕੱਤਰਤਾ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ 5 ਮੈਂਬਰੀ ਕਮੇਟੀ ਗਠਤ ਕੀਤੀ ਸੀ। ਪੰਜ ਸਿੰਘ ਸਾਹਿਬਾਨ ਵੱਲੋਂ ਇਹ ਆਦੇਸ਼ ਵੀ ਦਿੱਤਾ ਗਿਆ ਸੀ ਕਿ ਜੇਕਰ ਕੇਂਦਰ ਸਰਕਾਰ 31 ਦਸੰਬਰ 2023 ਤੱਕ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਜ਼ਾ ਰੱਦ ਨਹੀਂ ਕਰਦੀ ਤਾਂ ਸ਼੍ਰੋਮਣੀ ਕਮੇਟੀ ਉਨ੍ਹਾਂ ਸਬੰਧੀ ਪਾਈ ਆਪਣੀ ਅਪੀਲ ’ਤੇ ਵਿਚਾਰ ਕਰੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਰੌਸ਼ਨੀ ਵਿਚ 5 ਮੈਂਬਰੀ ਕਮੇਟੀ ਵੱਲੋਂ ਗੰਭੀਰ ਯਤਨ ਆਰੰਭੇ ਹੋਏ ਹਨ। ਕਮੇਟੀ ਦੀਆਂ ਇਕੱਤਰਤਾਵਾਂ ਵਿਚ ਬਣੇ ਰਾਏ ਅਨੁਸਾਰ ਕੇਂਦਰ ਸਰਕਾਰ ਨਾਲ ਲਿਖਾਪੜ੍ਹੀ ਲਗਾਤਾਰ ਜਾਰੀ ਹੈ, ਪਰੰਤੂ ਸਰਕਾਰ ਨਾਲ ਗੱਲਬਾਤ ਲਈ ਅਜੇ ਕੁਝ ਹੋਰ ਸਮਾਂ ਲੱਗ ਸਕਦਾ ਹੈ। ਕਿਉਂਕਿ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਦੇ ਜਵਾਬ ਵਿਚ ਇਸ ਮਾਮਲੇ ’ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨ ਲਈ ਆਖਿਆ ਗਿਆ ਹੈ, ਜਿਸ ਮਗਰੋਂ ਗ੍ਰਹਿ ਮੰਤਰਾਲੇ ਨਾਲ ਪੱਤਰਾਚਾਰ ਕੀਤਾ ਜਾ ਰਿਹਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ 31 ਦਸੰਬਰ 2023 ਤੱਕ ਦਿੱਤੇ ਹੋਏ ਸਮੇਂ ਨੂੰ ਕੁਝ ਸਮਾਂ ਵਧਾ ਦਿੱਤਾ ਜਾਵੇ, ਤਾਂ ਜੋ ਕਿਸੇ ਠੋਸ ਨਿਰਣੇ ’ਤੇ ਪਹੁੰਚਿਆ ਜਾ ਸਕੇ।
ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਸਮਾਗਮ ’ਚ ਸ਼ਾਮਲ ਹੋਣ ਪੁੱਜੇ ਐਡਵੋਕੇਟ ਧਾਮੀ ਨੇ ਇਸ ਮਾਮਲੇ ’ਤੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫਾਂਸੀ ਸਜ਼ਾ ਰੱਦ ਕਰਵਾਉਣ ਦਾ ਮਾਮਲਾ ਸਿੱਖ ਕੌਮ ਲਈ ਬੇਹੱਦ ਅਹਿਮ ਹੈ ਅਤੇ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸਿਰਤੋੜ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ 5 ਮੈਂਬਰੀ ਕਮੇਟੀ ਹਰ ਪੱਧਰ ’ਤੇ ਕੋਸ਼ਿਸ਼ ਕਰ ਰਹੀ ਹੈ ਅਤੇ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਵਿਚ ਸਰਕਾਰ ਨਾਲ ਬੈਠਕ ਹੋਵੇਗੀ। 
Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024