ਚੰਡੀਗੜ੍ਹ-ਨਵੇਂ ਸਾਲ ਮੌਕੇ ਗੋਇੰਦਵਾਲ ਥਰਮਲ ਪਾਵਰ ਪਲਾਂਟ 1080 ਕਰੋੜ ’ਚ ਖਰੀਦੇ ਜਾਣ ਦਾ ਰਸਮੀ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਥਰਮਲ ਪਲਾਂਟ ਖਰੀਦ ਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਇਹ ਥਰਮਲ ਪਲਾਂਟਾਂ ਦੀ ਖਰੀਦ ਦੇ ਮਾਮਲੇ ਵਿੱਚ ਹੁਣ ਤੱਕ ਦਾ ਸਭ ਤੋਂ ਸਸਤਾ ਸੌਦਾ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਅਗਲੇ ਦਿਨਾਂ ’ਚ ਗੋਇੰਦਵਾਲ ਥਰਮਲ ਸਾਈਟ ਦਾ ਦੌਰਾ ਕਰਨਗੇ ਅਤੇ ਪੰਜਾਬ ਸਰਕਾਰ ਵੱਲੋਂ ਖਰੀਦ ਰਾਸ਼ੀ ਦੀ ਕਿਸ਼ਤ ਜਲਦੀ ਜਮ੍ਹਾਂ ਕਰਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜੀਵੀਕੇ ਥਰਮਲ ਪਲਾਂਟ ਦੇਸ਼ ਭਰ ’ਚੋਂ ਸਭ ਤੋਂ ਸਸਤੇ ਭਾਅ ’ਤੇ ਖਰੀਦਿਆ ਗਿਆ ਹੈ ਜਦੋਂ ਕਿ ਬਾਕੀ ਸੂਬਿਆਂ ’ਚ ਪਾਵਰ ਪਲਾਂਟ ਇਸ ਤੋਂ ਕਿਤੇ ਮਹਿੰਗੇ ਵਿਕੇ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪਛਵਾੜਾ ਕੋਲਾ ਖਾਣ ਦਾ ਕੋਲਾ ਵਰਤਣ ਨਾਲ ਇਸ ਪਲਾਂਟ ਤੋਂ ਬਿਜਲੀ ਸਸਤੀ ਪਵੇਗੀ। ਖ਼ਰੀਦ ਸਮਝੌਤੇ ਨਾਲ ਬਿਜਲੀ ਦੀ ਦਰ ਵਿੱਚ ਪ੍ਰਤੀ ਯੂਨਿਟ ਇਕ ਰੁਪਏ ਦੀ ਕਟੌਤੀ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ ਬਿਜਲੀ ਖ਼ਰੀਦ ਉਤੇ 300 ਤੋਂ 350 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਪਲਾਂਟ ਦੋ ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਲਿਹਾਜ ਨਾਲ ਖਰੀਦਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਦੇਸ਼ ਵਿਚ 600 ਮੈਗਾਵਾਟ ਦੀ ਸਮਰੱਥਾ ਵਾਲਾ ਕੋਰਬਾ ਵੈਸਟ 1804 ਕਰੋੜ ’ਚ , ਝਾਬੂਆ ਪਾਵਰ 1910 ਕਰੋੜ ਵਿਚ ਅਤੇ ਲੈਂਕੋ ਅਮਰਕੰਟਕ ਪਾਵਰ ਪਲਾਂਟ 1818 ਕਰੋੜ ਰੁਪਏ ’ਚ ਖਰੀਦੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 540 ਮੈਗਾਵਾਟ ਦਾ ਥਰਮਲ ਸਿਰਫ 1080 ਕਰੋੜ ’ਚ ਖਰੀਦਿਆ ਹੈ ਜਦੋਂ ਕਿ ਮੁਕਾਬਲੇ ਵਿਚ ਨਾਮੀ 11 ਕੰਪਨੀਆਂ ਵਿੱਚ ਜਿੰਦਲ ਪਾਵਰ, ਅਡਾਨੀ ਪਾਵਰ, ਵੇਦਾਂਤਾ ਗਰੁੱਪ, ਰਸ਼ਮੀ ਮੇਟਾਲਿਕਸ, ਸ਼ੇਰੀਸ਼ਾ ਟੈਕਨਾਲੋਜੀਜ਼, ਸਾਈ ਵਰਧਾ ਪਾਵਰ ਆਦਿ ਸਨ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦਾ ਨਾਮ ਤੀਜੇ ਗੁਰੂ ਸਾਹਿਬ ਦੇ ਨਾਮ ਉਤੇ ‘ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ’ ਹੋਵੇਗਾ। ਹੁਣ ਇਸ ਥਰਮਲ ਤੋਂ ਬਿਜਲੀ ਦੀ ਕੀਮਤ ਪ੍ਰਤੀ ਯੂਨਿਟ 4.50 ਰੁਪਏ ਪ੍ਰਤੀ ਯੂਨਿਟ ਹੋਵੇਗੀ।