ਚੰਡੀਗੜ੍ਹ-ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅਤੇ ਆਪ ਪਾਰਟੀ ਵਿਚਕਾਰ ਕਿਸੇ ਤਰ੍ਹਾਂ ਦਾ ਸਿਆਸੀ ਗੱਠਜੋੜ ਹੋਣ ਦੀ ਸੰਭਾਵਨਾ ਨਹੀਂ ਜਾਪਦੀ। ਜਾਣਕਾਰੀ ਮੁਤਾਬਕ ਪੰਜਾਬ ਵਿਚ ਸਿਆਸੀ ਗੱਠਜੋੜ ਬਣਨ ਤੋਂ ਪਹਿਲਾਂ ਹੀ ਦੋਵਾਂ ਧਿਰਾਂ ਦੇ ਰਾਹ ਅੱਡ ਹੋ ਗਏ ਜਾਪਦੇ ਹਨ ਕਿਉਂਕਿ ਦੋਹਾਂ ਨੇ ਵੱਖੋ-ਵੱਖਰੇ ਤੌਰ ’ਤੇ ਚੋਣ ਲੜਨ ਦੀ ਤਿਆਰੀ ਵਿੱਢ ਦਿੱਤੀ ਹੈ ਹਾਲਾਂਕਿ ਪੰਜਾਬ ਕਾਂਗਰਸ ਦਾ ਇੱਕ ਧੜਾ, ਜਿਸ ਵਿਚ ਕਈ ਮੌਜੂਦਾ ਸੰਸਦ ਮੈਂਬਰ ਵੀ ਸ਼ਾਮਲ ਹਨ, ‘ਆਪ’ ਨਾਲ ਗੱਠਜੋੜ ਲਈ ਤਤਪਰ ਸਨ। ‘ਆਪ’ ਵੱਲੋਂ ਆਉਂਦੇ ਦਿਨਾਂ ਵਿਚ ਪੰਜਾਬ ਵਿਚ ਇਕੱਲੇ ਚੋਣਾਂ ਲੜਨ ਦਾ ਰਸਮੀ ਐਲਾਨ ਕੀਤੇ ਜਾਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ‘ਏਕ ਥੀ ਕਾਂਗਰਸ’ ਵਾਲਾ ਬਿਆਨ ਦਾਗ਼ ਕੇ ਆਪਣਾ ਸਿਆਸੀ ਨਜ਼ਰੀਆ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਪੰਜਾਬ ਵਿਚ ਇਕੱਲੇ ਚੋਣਾਂ ਲੜਨ ਬਾਰੇ ਸੂਬਾਈ ਲੀਡਰਸ਼ਿਪ ਦੀ ‘ਆਪ’ ਦੀ ਕੇਂਦਰੀ ਲੀਡਰਸ਼ਿਪ ਨਾਲ ਵੀ ਗ਼ੈਰਰਸਮੀ ਗੱਲਬਾਤ ਹੋ ਗਈ ਹੈ ਅਤੇ ਆਉਂਦੇ ਦਿਨਾਂ ਵਿਚ ਰਸਮੀ ਐਲਾਨ ਹੋਣ ਦੀ ਸੰਭਾਵਨਾ ਹੈ। ਬੈਠਕ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਹੋਏ। ਰਾਜਾ ਵੜਿੰਗ ਨੇ ਮੀਟਿੰਗ ਉਪਰੰਤ ਜਾਰੀ ਬਿਆਨ ਵਿਚ ਪੰਜਾਬ ਵਿਚ ਸਿਆਸੀ ਗੱਠਜੋੜ ਨਾ ਹੋਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੇ ਪੰਜਾਬ ਵਿਚ 13 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦਾ ਇਸ਼ਾਰਾ ਕੀਤਾ ਹੈ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਪੰਜਾਬ ਵਿਚ ਗੱਠਜੋੜ ਜਾਂ ਸੀਟਾਂ ਦੀ ਵੰਡ ਨੂੰ ਲੈ ਕੇ ਨਾ ਪਹਿਲਾਂ ਅਤੇ ਨਾ ਹੀ ਅੱਜ ਕੋਈ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 13 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਹੈ। ਆਉਂਦੇ 3-4 ਮਹੀਨਿਆਂ ਵਿਚ ਉਮੀਦਵਾਰਾਂ ਦੀ ਚੋਣ ਅਤੇ ਹੋਰ ਰਣਨੀਤੀ ਘੜੀ ਜਾਵੇਗੀ।