ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਹਮੋ-ਸਾਹਮਣੇ ਆ ਗਏ ਹਨ। ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਫਰਵਰੀ ਤੋਂ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ‘ਪੰਜਾਬ ਬਚਾਓ ਯਾਤਰਾ’ ਕੱਢਣ ਦਾ ਐਲਾਨ ਕੀਤਾ ਹੈ। ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਯਾਤਰਾ ਦਾ ਅਸਲ ਨਾਮ ‘ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ’ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 15 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਹੈ, ਜਿਸ ਕਰਕੇ ਯਾਤਰਾ ਦਾ ਅਸਲ ਨਾਮ ‘ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ’ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੁਣ ਹਾਸ਼ੀਏ ’ਤੇ ਪਹੁੰਚ ਚੁੱਕੀ ਹੈ ਅਤੇ ਤਿੰਨ ਸੀਟਾਂ ਤੱਕ ਸਿਮਟ ਕੇ ਰਹਿ ਗਈ ਹੈ। ‘ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਦੇ ਦੋਹਰੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ, ਜਿਸ ਕਰਕੇ ਯਾਤਰਾ ਵਰਗੀਆਂ ਨੌਟੰਕੀਆਂ ਹੁਣ ਕੰਮ ਨਹੀਂ ਆਉਣਗੀਆਂ।’ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਪ੍ਰਸਤਾਵਿਤ ਯਾਤਰਾ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਤੇ ਮੀਡੀਆ ’ਚ ਸੁਰਖੀਆਂ ਬਟੋਰਨ ਤੋਂ ਵੱਧ ਹੋਰ ਕੁਝ ਨਹੀਂ ਹੈ। ਦੂਜੇ ਪਾਸੇ ਸ਼੍ਰੋੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਾਂ ‘ਪੰਜਾਬ ਬਚਾਓ ਯਾਤਰਾ’ ਕੱਢ ਰਿਹਾ ਹੈ ਪਰ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਪੰਜਾਬੀ ‘ਭਗਵੰਤ ਭਜਾਓ ਯਾਤਰਾ ਕੱਢਣਗੇ।’ ਉਨ੍ਹਾਂ ਕਿਹਾ, ‘‘ਪੰਜਾਬ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ, ਪੰਜਾਬੀ ਇੱਕ ਬਹਾਦਰ ਮਾਰਸ਼ਲ ਕੌਮ ਹੈ। ਭਗਵੰਤ ਮਾਨ ਨੇ ਪੰਜਾਬ ’ਤੇ ਦਿੱਲੀ ਮਾਡਲ ਲਾਗੂ ਕਰ ਦਿੱਤਾ ਤੇ ਸਿਆਸਤ ਵਾਸਤੇ ਪੰਜਾਬ ਨੂੰ ਦਿੱਲੀ ਦੇ ਸਪੁਰਦ ਕਰ ਦਿੱਤਾ ਹੈ।’’ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਨੂੰ ਰਾਹ ਦਿਖਾਉਣ ਵਾਲੇ ਪੰਜਾਬ ਨੂੰ ਦਿੱਲੀ ਕੋਲ ਸਰੰਡਰ ਕਰ ਦਿੱਤਾ ਹੈ।