ਅੰਮ੍ਰਿਤਸਰ-ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਸਬੰਧੀ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਬਾਰੇ ਸ਼੍ਰੋਮਣੀ ਕਮੇਟੀ ਅਗਲਾ ਫੈਸਲਾ ਹੁਣ 27 ਜਨਵਰੀ ਤੋਂ ਬਾਅਦ ਲਵੇਗੀ। ਇਹ ਖੁਲਾਸਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕੀਤਾ ਹੈ। ਇਸ ਮੌਕੇ ਅੰਤ੍ਰਿੰਗ ਕਮੇਟੀ ਸੱਦੀ ਗਈ ਜਿਸ ਵਿੱਚ ਮੈਂਬਰਾਂ ਵੱਲੋਂ ਗੁਰਦੁਆਰਿਆਂ ਅੰਦਰ ਸਿਰੋਪਾਓ ਦੇਣ ਦੇ ਰੁਝਾਨ ਨੂੰ ਬੰਦ ਕਰਦਿਆਂ ਇਸ ਤੋਂ ਹੋਣ ਵਾਲੀ ਵਿੱਤੀ ਬਚਤ ਨੂੰ ਕੌਮ ਦੇ ਨੌਜਵਾਨ ਵਰਗ ਦੇ ਅਕਾਦਮਿਕ ਵਿਕਾਸ ਲਈ ਵਰਤਣ ਦਾ ਫੈਸਲਾ ਵੀ ਲਿਆ ਗਿਆ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਧਾਮੀ ਨੇ ਦੱਸਿਆ ਕਿ ਸਿਰੋਪਾਓ ਦੇਣ ਦੇ ਆਮ ਰੁਝਾਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਗੁਰਦੁਆਰਿਆਂ ਵਿੱਚੋਂ ਸਿਰੋਪਾ ਸਿਰਫ ਧਾਰਮਿਕ ਸ਼ਖ਼ਸੀਅਤਾਂ, ਨਗਰ ਕੀਰਤਨਾਂ ਦੌਰਾਨ ਪੰਜ ਪਿਆਰਿਆਂ, ਰਾਗੀ ਅਤੇ ਧਰਮ ਪ੍ਰਚਾਰਕਾਂ ਨੂੰ ਦੇਣ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਬਣੀ ਪੰਜ ਮੈਂਬਰੀ ਕਮੇਟੀ ਦੀ ਕਾਰਵਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ ਪਰ ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਲਦੀ ਹੀ ਕੇਂਦਰ ਸਰਕਾਰ ਨਾਲ ਗੱਲਬਾਤ ਹੋਵੇਗੀ। ਇਸ ਨੂੰ ਦੇਖਦਿਆਂ ਹੁਣ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਪੰਜ ਮੈਂਬਰੀ ਕਮੇਟੀ ਦੀ ਅਪੀਲ ਦੇ ਮੱਦੇਨਜ਼ਰ 31 ਦਸੰਬਰ ਤੋਂ ਸਮਾਂ ਵਧਾ ਕੇ 27 ਜਨਵਰੀ ਤੱਕ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਵਿਖੇ ਗੁਰਬਾਣੀ ਪ੍ਰਸਾਰਨ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਵੈੱਬ ਚੈਨਲ (ਯੂ-ਟਿਊਬ ਅਤੇ ਫੇਸਬੁੱਕ ਆਦਿ) ’ਤੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ।