ਓਨਟਾਰੀਓ-ਹੌਂਡਾ ਮੋਟਰ ਕਾਰਪੋਰੇਸ਼ਨ ਲਿਮਟਿਡ ਕੈਨੇਡਾ ਵਿੱਚ ਇਲੈਕਟ੍ਰਿਕ ਵ੍ਹੀਕਲ ਪਲਾਂਟ ਉੱਤੇ 18·4 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਦਾ ਖੁਲਾਸਾ ਜਪਾਨ ਦੀ ਇਸ ਕੰਪਨੀ ਦੇ ਨਵੇਂ ਆਊਟਲੈੱਟ ਵੱਲੋਂ ਜਾਰੀ ਰਿਪੋਰਟ ਵਿੱਚ ਕੀਤਾ ਗਿਆ। ਐਤਵਾਰ ਨੂੰ ਨਿੱਕੇਈ ਏਸ਼ੀਆ ਨੇ ਆਖਿਆ ਕਿ ਇਲੈਕਟ੍ਰਿਕ ਵ੍ਹੀਕਲਜ਼ ਦੀ ਮਾਰਕਿਟ ਵਿੱਚ ਆਪਣੀ ਪੈਠ ਬਣਾਉਣ ਲਈ ਹੌਂਡਾ ਦੇਸ਼ ਵਿੱਚ ਵ੍ਹੀਕਲ ਤੇ ਬੈਟਰੀ ਪਲਾਂਟ ਲਾਉਣ ਬਾਰੇ ਵਿਚਾਰ ਕਰ ਰਹੀ ਹੈ। ਰਿਪੋਰਟ ਵਿੱਚ ਆਖਿਆ ਗਿਆ ਕਿ ਹੌਂਡਾ ਕਈ ਸਾਈਟਸ ਦਾ ਮੁਆਇਨਾ ਵੀ ਕਰ ਰਹੀ ਹੈ, ਇਨ੍ਹਾਂ ਵਿੱੱਚ ਐਲਿਸਟਨ, ਓਨਟਾਰੀਓ ਦਾ ਕੰਪਨੀ ਦਾ ਮੌਜੂਦਾ ਪਲਾਂਟ ਵੀ ਸ਼ਾਮਲ ਹੈ, ਜਿਸ ਦੇ ਨਾਲ ਹੀ ਨਵਾਂ ਪਲਾਂਟ ਲਾਉਣ ਦੀ ਸੰਭਾਵਨਾ ਵਧੇਰੇ ਹੈ। ਇਸ ਨਿਵੇਸ਼ ਸਬੰਧੀ ਫੈਸਲਾ ਇਸ ਸਾਲ ਦੇ ਅੰਤ ਤੱਕ ਲੈ ਲਿਆ ਜਾਵੇਗਾ। ਇਸ ਬਾਰੇ ਟਿੱਪਣੀ ਲਈ ਜਦੋਂ ਹੌਂਡਾ ਨਾਲ ਸੰਪਰਕ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਕੰਪਨੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਵੱਲੋਂ ਵੀ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਕੰਪਨੀ ਤੇ ਸਰਕਾਰ ਦਰਮਿਆਨ ਇਸ ਤਰ੍ਹਾਂ ਦੀ ਕੋਈ ਗੱਲਬਾਤ ਚੱਲ ਰਹੀ ਹੈ।