ਜਲੰਧਰ-ਮਨਰੂਪ ਕੌਰ ਜੋ ਕਿ ਪੰਜਾਬ ਦੇ ਸ਼ਹਿਰ ਜਲੰਧਰ ਦੀ ਵਸਨੀਕ ਹੈ ਅਤੇ ਮੌਜੂਦਾ ਸਮੇਂ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ ਨੇ ਇਟਾਲੀਅਨ ਨੇਵੀ ਵਿੱਚ ਭਰਤੀ ਹੋ ਕੇ ਮਾਪਿਆਂ ਦੇ ਨਾਲ-ਨਾਲ ਪੂਰੇ ਭਾਰਤ ਦਾ ਨਾਂ ਚਮਕਾਇਆ ਹੈ। ਜਾਣਕਾਰੀ ਮੁਤਾਬਕ ਮਨਰੂਪ ਕੌਰ ਨੇ ਇਟਾਲੀਅਨ ਜਲ ਸੈਨਾ ਵਿੱਚ ਭਰਤੀ ਹੋਣ ਦੇ ਮੰਤਵ ਦੇ ਨਾਲ ਪਿਛਲੇ ਸਾਲ ਇਟਲੀ ਦੇ ਡਿਫੈਂਸ ਮੰਤਰਾਲਾ ਵੱਲੋਂ ਜਾਰੀ ਜਲ ਸੈਨਿਕਾਂ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ ਸੀ। ਪ੍ਰੀਖਿਆ ਦੌਰਾਨ ਉਸ ਨੇ ਅਨੇਕਾਂ ਕਠਿਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਲਿਖਤੀ ਪ੍ਰੀਖਿਆ ਵਿੱਚੋਂ 82 ਫ਼ੀਸਦੀ ਅੰਕ ਹਾਸਲ ਕਰਕੇ ਪਹਿਲੇ ਦਾਅਵੇਦਾਰਾਂ ਵਿੱਚ ਥਾਂ ਬਣਾਈ। ਇਸ ਉਪਰੰਤ ਮਨਰੂਪ ਕੌਰ ਨੇ ਆਪਣੇ ਰੋਜ਼ਾਨਾ ਅਭਿਆਸ ਦੀ ਬਦੌਲਤ ਫਿਜ਼ੀਕਲ ਪ੍ਰੀਖਿਆ ਵਿੱਚ ਵੀ ਸਾਰੇ ਟਰਾਇਲਾਂ ਨੂੰ ਬਾਖੂਬੀ ਪਾਰ ਕਰਦਿਆਂ ਇਟਾਲੀਅਨ ਜਲ ਸੈਨਿਕ ਬਣਨ ਦੇ ਆਪਣੇ ਸੁਫ਼ਨੇ ਨੂੰ ਵਾਸਤਵਿਕ ਰੂਪ ਵਿੱਚ ਸਾਕਾਰ ਕੀਤਾ। ਇਟਲੀ ਦੇ ਸਰਦੇਨੀਆ ਰਾਜ ਵਿੱਚ ਸਥਿਤ ਇਟਾਲੀਅਨ ਨੇਵੀ ਦੇ ਮਾਦੇਲੇਨਾ ਕੋਚਿੰਗ ਸੈਂਟਰ ਤੋਂ 5 ਹਫ਼ਤਿਆਂ ਦੀ ਬਕਾਇਦਾ ਸਿਖਲਾਈ ਲੈਣ ਉਪਰੰਤ ਹੁਣ ਮਨਰੂਪ ਕੌਰ ਮੋਨਫਲਕੋਨੇ (ਗੋਰੀਸੀਆ) ਵਿਖੇ ਇਟਾਲੀਅਨ ਜਲ ਸੈਨਾ ਦਾ ਹਿੱਸਾ ਬਣ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ।