ਅਯੁੱਧਿਆ-ਅਯੁੱਧਿਆ ਦੇ ਰਾਮ ਮੰਦਰ ਵਿੱਚ ਘੁੰਘਰੂ ਘੰਟੀ ਉਦਯੋਗ ਦੀ ਨਗਰੀ ਏਟਾ ਦੇ ਜਲੇਸਰ ਤੋਂ 2400 ਕਿਲੋ ਦਾ ਘੰਟਾ ਲੱਗੇਗਾ। ਜਾਣਕਾਰੀ ਮੁਤਾਬਕ ਅਸ਼ਟਧਾਤੂ ਦੇ ਇਸ ਘੰਟੇ ਨੂੰ ਸੈਂਕੜੇ ਵਪਾਰੀ ਫੁੱਲਾਂ ਨਾਲ ਸਜੇ ਰੱਥ ’ਤੇ ਅਯੁੱਧਿਆ ਲਿਆਏ ਹਨ। ਜਿਸਨੂੰ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੂੰ ਸਮਰਪਿਤ ਕੀਤਾ ਗਿਆ। ਇਸ ਘੰਟੇ ਦੀ ਆਵਾਜ਼ ਸ਼ਾਤ ਮਾਹੌਲ ’ਚ ਕਰੀਬ 2 ਕਿਲੋਮੀਟਰ ਤਕ ਸੁਣਾਈ ਦੇ ਸਕਦੀ ਹੈ। ਸਾਵਿਤਰੀ ਟਰੇਡਰਸ ਦੇ ਮਾਲਿਕ ਆਦਿੱਤਿਆ ਮਿੱਤਲ ਅਤੇ ਪ੍ਰਸ਼ਾਂਤ ਮਿੱਤਲ ਨੇ ਇਸ ਘੰਟੇ ਨੂੰ ਬਣਵਾਇਆ ਹੈ। ਇਸ ਘੰਟੇ ਨੂੰ ਬਣਾਉਣ ’ਚ 25 ਲੱਖ ਰੁਪਏ ਦਾ ਖਰਚਾ ਆਇਆ ਹੈ। ਇਹ ਘੰਟਾ ਭਗਵਾਨ ਰਾਮਲਲਾ ਨੂੰ ਤੋਹਫੇ ਦੇ ਤੌਰ ’ਤੇ ਦਿੱਤਾ ਗਿਆ ਹੈ। ਜਲੇਸਰ ਨਗਰ ਪਾਲਿਕਾ ਪ੍ਰਧਾਨ ਅਤੇ ਭਾਜਪਾ ਨੇਤਾ ਵਿਕਾਸ ਮਿੱਤਲ ਨੇ ਅਯੁੱਧਿਆ ਸਥਿਤ ਸ਼੍ਰੀਰਾਮ ਮੰਦਰ ’ਚ ਜਲੇਸਰ ’ਚ ਬਣੇ ਘੰਟੇ ਨੂੰ ਲਗਵਾਉਣ ਦੀ ਪਹਿਲ ਕੀਤੀ ਸੀ। ਹਾਲਾਂਕਿ, ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਕੰਮ ਨੂੰ ਪੂਰਾ ਕੀਤਾ। ਇਸ ਅਸ਼ਟਧਾਤੂ ਦੇ ਘੰਟੇ ਨੂੰ ਬਣਾਉਣ ’ਚ ਪਿੱਤਲ, ਤਾਂਬਾ, ਐਲੂਮੀਨੀਅਮ, ਲੋਹਾ, ਸੋਨਾ, ਚਾਂਦੀ ਅਤੇ ਜਸਤਾ ਦਾ ਇਸਤੇਮਾਲ ਕੀਤਾ ਗਿਆ ਹੈ। 2400 ਕਿਲੋ ਦਾ ਘੰਟਾ ਬਣਾਉਣ ’ਚ 3 ਮਹੀਨਿਆਂ ਦਾ ਸਮਾਂ ਲੱਗਾ ਹੈ। ਇਸ ਕੰਮ ਨੂੰ ਪੂਰਾ ਕਰਨ ’ਚ 70 ਮਜ਼ਦੂਰ ਲਗਾਏ ਗਏ ਸਨ।