ਨਵੀਂ ਦਿੱਲੀ-ਦੱਖਣੀ ਅਫਰੀਕਾ ’ਚ 22 ਜਨਵਰੀ ਤੋਂ ਹੋਣ ਵਾਲੇ ਚਾਰ ਮੁਲਕੀ ਟੂਰਨਾਮੈਂਟ ਲਈ ਹਾਕੀ ਇੰਡੀਆ ਨੇ ਭਾਰਤ ਦੀ 26 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਪੈਰਿਸ ਓਲੰਪਿਕ ਦੀ ਤਿਆਰੀ ਲਈ ਅਹਿਮ ਮੰਨੇ ਜਾ ਰਹੇ ਇਸ ਟੂਰਨਾਮੈਂਟ ’ਚ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਭਾਰਤ ਦਾ ਸਾਹਮਣਾ ਫਰਾਂਸ, ਨੈਦਰਲੈਂਡਜ਼ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਨਾਲ ਹੋਵੇਗਾ। ਟੀਮ ਦੀ ਕਮਾਨ ਹਰਮਨਪ੍ਰੀਤ ਸਿੰਘ ਦੇ ਹੱਥ ਹੋਵੇਗੀ ਜਦਕਿ ਐੱਫਆਈਐੱਚ ‘ਪਲੇਅਰ ਆਫ ਦਿ ਯੀਅਰ’ ਐਵਾਰਡ ਜਿੱਤਣ ਵਾਲਾ ਹਾਰਦਿਕ ਸਿੰਘ ਉਪ ਕਪਤਾਨ ਹੋਵੇਗਾ। ਜੂਨੀਅਰ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਰਿਜੀਤ ਸਿੰਘ ਹੁੰਦਲ ਅਤੇ ਬੌਬੀ ਸਿੰਘ ਧਾਮੀ ਪਹਿਲੀ ਵਾਰ ਸੀਨੀਅਰ ਪੱਧਰ ’ਤੇ ਖੇਡਣਗੇ। ਗੋਲਕੀਪਿੰਗ ’ਚ ਕ੍ਰਿਸ਼ਨ ਪਾਠਕ ਅਤੇ ਪੀਆਰ ਸ੍ਰੀਜੇਸ਼ ਦੇ ਨਾਲ ਪਵਨ ਨੂੰ ਮੌਕਾ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਅਮਿਤ ਰੋਹੀਦਾਸ, ਰਬੀਚੰਦਰ ਸਿੰਘ, ਰਾਜਕੁਮਾਰ ਪਾਲ, ਸ਼ਮਸ਼ੇਰ ਸਿੰੰਘ, ਵਿਸ਼ਣੂਕਾਂਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਗੁਰਜੰਟ ਸਿੰਘ, ਲਲਿਤ ਉਪਾਧਿਆਏ ਅਤੇ ਅਕਾਸ਼ਦੀਪ ਸਿੰਘ ਸਣੇ ਹੋਰਾਂ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।