ਨਵੀਂ ਦਿੱਲੀ-ਮੈਟਾ ਦੁਆਰਾ ਪ੍ਰਸਤਾਵਿਤ 51 ਮਿਲੀਅਨ ਡਾਲਰ ਦੀ ਪੇਸ਼ਕਸ਼ ਦੇਸ਼ ਦੇ ਗੋਪਨੀਯਤਾ ਕਾਨੂੰਨਾਂ ਵੱਲ ਧਿਆਨ ਦੇਣ ਦੀ ਮਹੱਤਤਾ ਬਾਰੇ ਹੋਰ ਕੰਪਨੀਆਂ ਲਈ ਇਕ ਖ਼ਾਸ ਸੁਨੇਹਾ ਹੈ। ਅਜਿਹਾ ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਦੇ ਖਿਲਾਫ ਮੁਕੱਦਮੇ ’ਚ ਕੈਨੇਡੀਅਨਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਦਾ ਕਹਿਣਾ ਹੈ। ਜਾਣਕਾਰੀ ਮੁਤਾਬਕ ਯੂਜ਼ਰਜ਼ ਦੀ ਜਾਣਕਾਰੀ ਤੋਂ ਬਿਨਾਂ ਮੇਟਾ ਫੇਸਬੁੱਕ ਨੇ “ਸਪਾਂਸਰਡ ਸਟੋਰੀਜ਼” ਵਿਗਿਆਪਨ ਪ੍ਰੋਗਰਾਮ ਵਿਚ ਉਨ੍ਹਾਂ ਦੇ ਨਾਮ ਅਤੇ ਫੋਟੋਆਂ ਦੀ ਵਰਤੋਂ ਕੀਤੀ। ਇਹ ਵਿਗਿਆਪਨ ਸਾਲ 2011 ਤੋਂ 2014 ਤੱਕ ਚੱਲਿਆ ਸੀ। ਹੁਣ ਦਿੱਗਜ ਕੰਪਨੀ ਚਾਰ ਪ੍ਰਾਂਤਾਂ ਵਿੱਚ ਮੁਕੱਦਮੇ ਦਾ ਨਿਪਟਾਰਾ ਕਰਨ ਲਈ 51 ਮਿਲੀਅਨ ਡਾਲਰ ਦੀ ਪੇਸ਼ਕਸ਼ ਕਰ ਰਹੀ ਹੈ। ਵੈਨਕੂਵਰ ਲਾਅ ਫਰਮ ਬ੍ਰਾਂਚ ਮੈਕਮਾਸਟਰ ਦੇ ਪਾਰਟਨਰ ਕ੍ਰਿਸਟੋਫਰ ਰੋਨ ਨੇ ਯੂਜ਼ਰਜ਼ ਦੇ ਕੇਸ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਆਮ ਤੌਰ ’ਤੇ ਕੈਨੇਡਾ ਅਧਾਰਤ ਨਹੀਂ ਹੁੰਦੀਆਂ ਹਨ ਪਰ ਫਿਰ ਵੀ ਇੱਥੇ ਕਾਰੋਬਾਰ ਕਰਨ ਦੀ ਉਮੀਦ ਕਰਦੀਆਂ ਹਨ। ਉਨ੍ਹਾਂ ਕਿਹਾ “ਇਨ੍ਹਾਂ ਕੰਪਨੀਆਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਇੱਥੇ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਥਾਨਕ ਕੈਨੇਡਾ ਦੇ ਨਿਵਾਸੀਆਂ ਦੀ ਗੋਪਨੀਯਤਾ ਦੇ ਅਧਿਕਾਰਾਂ ਦੀ ਸਮੀਖਿਆ ਕਰਨ ਅਤੇ ਨਿਯਮਾਂ ਦੀ ਪਾਲਣਾ ਕਰਨ।” ਇਹ ਸ਼ਿਕਾਇਤ ਬ੍ਰਿਟਿਸ਼ ਕੋਲੰਬੀਆ ਦੀ ਇਕ ਔਰਤ ਸਮੇਤ ਸਸਕੈਚਵਨ, ਮੈਨੀਟੋਬਾ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਨਿਵਾਸੀਆਂ ਵਲੋਂ ਦਾਇਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੈਟਾ ਨੇ ਸ਼ਿਕਾਇਤ ’ਤੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਇਹ ਕੇਸ ਸਾਲਾਂ ਤੋਂ ਜਾਰੀ ਰਿਹਾ, ਜਿਸ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਵੀ ਸ਼ਾਮਲ ਹੈ, ਜਿਸ ਨੇ 2017 ਵਿੱਚ ਫੈਸਲਾ ਦਿੱਤਾ ਸੀ ਕਿ ਫੇਸਬੁੱਕ ’ਤੇ ਬੀ.ਸੀ. ਦੀਆਂ ਅਦਾਲਤਾਂ ਵਿੱਚ ਮੁਕੱਦਮਾ ਕੀਤਾ ਜਾ ਸਕਦਾ ਹੈ।