ਨਵੀਂ ਦਿੱਲੀ-ਕ੍ਰਿਕਟ ਦੇ ਸਾਬਕਾ ਕਪਤਾਨ ਮਹਿੰਦਰ ਧੋਨੀ ਖਿਲਾਫ਼ ਉਸ ਦੇ ਦੋ ਸਾਬਕਾ ਕਾਰੋਬਾਰੀ ਭਾਈਵਾਲਾਂ ਨੇ ਉਸ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਦਿੱਲੀ ਹਾਈ ਕੋਰਟ ਨੇ ਆਪਣੀ ਰਜਿਸਟਰੀ ਨੂੰ ਕਿਹਾ। ਜ਼ਿਕਰਯੋਗ ਹੈ ਕਿ ਮੁੱਦਈ ਅਤੇ ਸਾਬਕਾ ਵਪਾਰਕ ਭਾਈਵਾਲਾਂ ਮਿਹਿਰ ਦਿਵਾਕਰ ਅਤੇ ਉਨ੍ਹਾਂ ਦੀ ਪਤਨੀ ਸੌਮਿਆ ਦਾਸ ਨੇ ਧੋਨੀ, ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੀਡੀਆ ਹਾਊਸਾਂ ਖ਼ਿਲਾਫ਼ ਸਥਾਈ ਹੁਕਮ ਅਤੇ ਹਰਜਾਨੇ ਦੀ ਮੰਗ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਅਤੇ ਉਨ੍ਹਾਂ ਨੂੰ ਅਪਮਾਨਜਨਕ ਬਿਆਨਾਂ ਦਾ ਪ੍ਰਕਾਸ਼ਨ ਅਤੇ ਪ੍ਰਸਾਰਣ ਬੰਦ ਕਰਨ ਦੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ। ਪਟੀਸ਼ਨ ਨੂੰ ਜਸਟਿਸ ਪ੍ਰਤਿਭਾ ਐੱਮ. ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਮੁੱਦਈ ਨੇ ਪਟੀਸ਼ਨ ਬਾਰੇ ਧੋਨੀ ਨੂੰ ਸੂਚਿਤ ਨਹੀਂ ਕੀਤਾ। ਇਸ ’ਤੇ ਜਸਟਿਸ ਨੇ ਰਜਿਸਟਰੀ ਨੂੰ ਕਿਹਾ ਕਿ ਉਹ ਕ੍ਰਿਕਟਰ ਧੋਨੀ ਨੂੰ ਈਮੇਲ ਰਾਹੀਂ ਸੂਚਿਤ ਕਰੇ ਕਿ ਦੋ ਸਾਬਕਾ ਕਾਰੋਬਾਰੀ ਭਾਈਵਾਲਾਂ ਨੇ ਉਸ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜਨਵਰੀ ਤੈਅ ਕੀਤੀ ਹੈ।