ਟੋਰਾਂਟੋ-ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਰੀ ਤੋਂ ਬਰੈਂਡਾ ਲਾਕ ਨੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਸਮੇਤ ਹਿੰਸਕ ਕਾਰਵਾਈਆਂ”ਦੀ ਵੱਧ ਰਹੀ ਗਿਣਤੀ ’ਤੇ ਡੂੰਘੀ ਚਿੰਤਾ”ਜ਼ਾਹਰ ਕੀਤੀ। ਜਾਣਕਾਰੀ ਮੁਤਾਬਕ ਇਸ ਵਿੱਚ ਭਾਰਤੀ ਅਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰਿਆਂ ਖ਼ਿਲਾਫ਼ ਜ਼ਬਰਨ ਵਸੂਲੀ ਦੀਆਂ ਧਮਕੀਆਂ ਵਿੱਚ ‘ਚਿੰਤਾਜਨਕ’ ਵਾਧੇ ’ਤੇ ਚਿੰਤਾ ਜ਼ਾਹਰ ਕਰਦਿਆਂ, ਕੈਨੇਡਾ ਦੇ ਸ਼ਹਿਰ ਬਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਸਰਕਾਰ ਨੂੰ ਇਸ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪੱਤਰ ਵਿੱਚ ਲਿਖਿਆ ਗਿਆ ਹੈ, “ਇਹ ਚਿੰਤਾਜਨਕ ਘਟਨਾਕ੍ਰਮ ਇਹਨਾਂ ਖ਼ਤਰਿਆਂ ਦੀ ਗੰਭੀਰਤਾ ਅਤੇ ਵਿਆਪਕ ਪ੍ਰਕਿਰਤੀ ਨੂੰ ਦਰਸਾਉਂਦਾ ਹੈ, ਜੋ ਮੁੱਖ ਤੌਰ ’ਤੇ ਭਾਰਤੀ ਅਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।” ਮੇਅਰਾਂ ਨੇ ਕਿਹਾ ਕਿ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਅਤੇ ਪੀਲ ਰੀਜਨਲ ਪੁਲਸ ਸਮੇਤ ਸਥਾਨਕ ਪੁਲਸ ਵਿਭਾਗਾਂ ਨੇ “ਸਥਿਤੀ ਦੀ ਗੰਭੀਰਤਾ ਨੂੰ ਸਵੀਕਾਰ ਕੀਤਾ ਹੈ”। ਮੇਅਰਾਂ ਨੇ ਸਰਕਾਰ ਨੂੰ ਇਸ ਮੁੱਦੇ ਨੂੰ ਪਹਿਲ ਦੇਣ ਅਤੇ ਜ਼ਬਰਨ ਵਸੂਲੀ ਦੇ ਇਨ੍ਹਾਂ ਖ਼ਤਰਿਆਂ ਨਾਲ ਨਜਿੱਠਣ ਲਈ ਇਕ ਵਿਆਪਕ ਰਣਨੀਤੀ ਵਿਕਸਿਤ ਕਰਨ ਲਈ ਲੋੜੀਂਦੀਆਂ ਫੈਡਰਲ ਏਜੰਸੀਆਂ ਦੇ ਨਾਲ-ਨਾਲ ਸਥਾਨਕ ਅਤੇ ਸੂਬਾਈ ਅਧਿਕਾਰੀਆਂ ਨਾਲ ਜੁੜਨ ਦੀ ਅਪੀਲ ਕੀਤੀ। ਮੇਅਰਾਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਉਹਨਾਂ ਦੇ ਸਬੰਧਤ ਭਾਈਚਾਰਿਆਂ ਵਿੱਚ “ਡਰ ਪੈਦਾ ਕਰ ਦਿੱਤਾ” ਹੈ। ਬ੍ਰਾਊਨ ਨੇ 3P24 ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਸਰਕਾਰ ਇੱਕ ਸਪੱਸ਼ਟ ਸੰਦੇਸ਼ ਦੇਵੇ ਕਿ ਇਹਨਾਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।