ਔਕਲੈਂਡ-ਨਿਊਜ਼ੀਲੈਂਡ ਦੀ ਯਾਤਰਾ ਦੇ ਲਈ ਵਿਦੇਸ਼ੀਆਂ ਦੀ ਖਿੱਚ ਬਰਕਰਾਰ ਰਹਿੰਦੀ ਹੈ। ਭਾਰਤੀਆਂ ਦਾ ਵੀ ਇਹ ਮੁਲਕ ਹੁਣ ਚਹੇਤਾ ਬਣਦਾ ਜਾ ਰਿਹਾ ਹੈ। ਭਾਵੇਂ ਕੋਈ ਕੱਚੇ ਤੌਰ ਉਤੇ ਆ ਰਿਹਾ ਹੋਵੇ, ਚਾਹੇ ਕੰਮ ਵਾਸਤੇ ਜਾਂ ਫਿਰ ਪੱਕੇ ਰਹਿਣ ਦੇ ਲਈ। ਅੰਕੜਾ ਵਿਭਾਗ ਵੱਲੋਂ ਜਾਰੀ ਅੰਕੜੇ ਦਸਦੇ ਹਨ ਕਿ ਨਵੰਬਰ 2023 ਦੇ ਵਿਚ 8759 ਭਾਰਤੀ ਲੋਕ ਵਿਜ਼ਟਰ ਵਜੋਂ ਨਿਊਜ਼ੀਲੈਂਡ ਆਏ ਸਨ। ਪਿਛਲੇ ਸਾਲ ਦੇ ਮੁਕਾਬਲੇ ਨਵੰਬਰ ਮਹੀਨੇ ਸਿਰਫ 5700 ਭਾਰਤੀ ਆਏ ਸਨ ਤੇ ਇਸ ਤਰ੍ਹਾਂ 3059 ਦੇ ਫਰਕ ਨਾਲ ਇਹ ਨਵੰਬਰ ਮਹੀਨੇ ਦੇ ਵਿਚ 53.7% ਦਾ ਵਾਧਾ ਹੈ।
ਸਾਲ 2023 ਦੇ ਨਵੰਬਰ ਮਹੀਨੇ ਦੇ ਅੰਤ ਤੱਕ 82,515 ਕੁੱਲ ਭਾਰਤੀ ਇਥੇ ਆ ਚੁੱਕੇ ਹਨ। ਪਿਛਲੇ ਸਾਲ ਨਵੰਬਰ ਮਹੀਨੇ ਤੱਕ 13,949 ਲੋਕ ਹੀ ਆਏ ਸਨ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਨਵੰਬਰ ਮਹੀਨੇ ਤੱਕ ਇਹ ਵਾਧਾ 68,566 ਲੋਕਾਂ ਦਾ ਹੈ ਜੋ ਕਿ 491.54% ਬਣਦਾ ਹੈ। ਦੂਜੇ ਮੁਲਕਾਂ ਦੇ ਲੋਕਾਂ ਬਾਰੇ ਜਾਰੀ ਅੰਕੜਿਆਂ ਦੇ ਉਤੇ ਵੇਖਿਆ ਜਾਵੇ ਤਾਂ ਆਸਟਰੇਲੀਆ ਤੋਂ ਨਵੰਬਰ ਮਹੀਨੇ 109,188 (ਨਵੰਬਰ ਤੱਕ (11 ਮਹੀਨੇ) ਕੁੱਲ 1,266,135), ਅਮਰੀਕਾ ਤੋਂ ਨਵੰਬਰ ਮਹੀਨੇ 38,107 (ਨਵੰਬਰ (11 ਮਹੀਨੇ) ਤੱਕ ਕੁੱਲ 322,721), ਇੰਗਲੈਂਡ ਤੋਂ ਨਵੰਬਰ ਮਹੀਨੇ 16,188 (ਨਵੰਬਰ (11 ਮਹੀਨੇ) ਤੱਕ ਕੁੱਲ 173,286) ਅਤੇ ਚੀਨ ਤੋਂ ਨਵੰਬਰ ਮਹੀਨੇ 20,063 (ਨਵੰਬਰ (11 ਮਹੀਨੇ) ਤੱਕ ਕੁੱਲ 136,479)।
ਇਸ ਤਰ੍ਹਾਂ ਨਵੰਬਰ ਮਹੀਨੇ ਹੁਣ ਤੱਕ ਦੇਸ਼ ਦੇ ਵਿਚ 303,429 ਲੋਕ ਪਹੁੰਚੇ ਸਨ ਤੇ ਪਿਛਲੇ ਸਾਲ ਇਹ ਸੰਖਿਆ 232,684 ਸੀ ਅਤੇ ਇਹ ਵਾਧਾ30.4% ਦਾ ਹੈ।
ਵਰਨਣਯੋਗ ਹੈ ਕਿ 29 ਸਤੰਬਰ 2021 ਤੋਂ ਲੈ ਕੇ 31 ਜੁਲਾਈ 2022 ਤੱਕ ਆਰ-21 ਰੈਜੀਡੈਂਸ ਵੀਜ਼ਾ ਖੁੱਲ੍ਹਿਆ ਸੀ ਅਤੇ ਇਸ ਅਧੀਨ 55000 ਦੇ ਕਰੀਬ ਭਾਰਤੀ ਲੋਕ ਵੀ ਪੱਕੇ ਹੋਏ ਸਨ। ਉਂਝ 217,500 ਤੋਂ ਵੱਧ ਲੋਕ ਇਸ ਅਧੀਨ ਪੱਕੇ ਹੋਏ ਹਨ।