ਗਲਾਸਗੋ-ਸਕਾਟਲੈਂਡ ਵਿੱਚ ਈਸ਼ਾ ਤੂਫਾਨ ਦੀ ਆਮਦ ਤੋਂ ਪਹਿਲਾਂ ਮੈਟ ਆਫਿਸ ਵੱਲੋਂ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ। ਨਵੇਂ ਸਾਲ ਵਿੱਚ ਦੂਜੇ ਤੂਫਾਨ ਵਜੋਂ ਦਸਤਕ ਦੇਣ ਆ ਰਿਹਾ ਈਸ਼ਾ ਆਪਣੇ ਨਾਲ ਖਤਰੇ ਦੀ ਚੇਤਾਵਨੀ ਵੀ ਲੈ ਕੇ ਆ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਈਸ਼ਾ ਆਪਣੇ ਨਾਲ 50 ਤੋਂ 60 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਤੂਫਾਨੀ ਹਵਾਵਾਂ ਲਿਆ ਸਕਦਾ ਹੈ। ਕੁਝ ਇਲਾਕਿਆਂ ਵਿੱਚ ਗਤੀ 60 ਤੋਂ 70 ਮੀਲ ਪ੍ਰਤੀ ਘੰਟਾ ਵੀ ਹੋ ਸਕਦੀ ਹੈ। ਵਿਭਾਗ ਨੇ ਸਕਾਟਲੈਂਡ ਵਸਦੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਤੇਜ ਹਵਾਵਾਂ ਦੌਰਾਨ ਘਰਾਂ ਦੀਆਂ ਛੱਤਾਂ ਦੇ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਵਾ ਨਾਲ ਉੱਡਦੀਆਂ ਭਾਰੀ ਚੀਜ਼ਾਂ ਜਾਨ ਦਾ ਖੌਅ ਵੀ ਬਣ ਸਕਦੀਆਂ ਹਨ। ਵਿਭਾਗ ਵੱਲੋਂ ਐਤਵਾਰ ਦੇ ਅੱਧ ਤੋਂ ਸੋਮਵਾਰ ਤੱਕ ਪੂਰੇ ਸਕਾਟਲੈਂਡ ਵਿੱਚ ਐਂਬਰ ਵਾਰਨਿੰਗ ਜਾਰੀ ਕੀਤੀ ਹੈ। ਉਹਨਾਂ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਸਫਰ ਕਰਨ ਤੋਂ ਪਹਿਲਾਂ ਜਾਂਚ ਜਰੂਰ ਲਿਆ ਜਾਵੇ ਕਿ ਸੜਕੀ ਆਵਾਜਾਈ, ਰੇਲ ਆਵਾਜਾਈ ਪ੍ਰਭਾਵਿਤ ਤਾਂ ਨਹੀਂ ਹੋਈ? ਜਿਕਰਯੋਗ ਹੈ ਸਤੰਬਰ 2023 ਤੋਂ ਹੁਣ ਤੱਕ ਇਹ ਨੌਵਾਂ ਤੂਫ਼ਾਨ ਹੈ। ਨਵੇਂ ਸਾਲ ਵਿੱਚ ਤੂਫ਼ਾਨ ਹੈਂਕ ਤੋਂ ਬਾਅਦ ਈਸ਼ਾ ਤੂਫਾਨ ਦੂਜਾ ਹੈ।