International

ਬਿਜਲਈ ਕਾਰਾਂ ’ਤੇ ਲੱਗਣਗੇ ‘ਰੋਡ ਯੂਜ਼ਰ ਚਾਰਜਿਜ਼’

  • Punjabi Bulletin
  • Jan 20, 2024
ਬਿਜਲਈ ਕਾਰਾਂ ’ਤੇ ਲੱਗਣਗੇ ‘ਰੋਡ ਯੂਜ਼ਰ ਚਾਰਜਿਜ਼’
  • 153 views

ਔਕਲੈਂਡ-ਨਿਊਜ਼ੀਲੈਂਡ ਦੇ ਵਿਚ ਨੈਸ਼ਨਲ ਪਾਰਟੀ ਦੀ ਅਗਵਾਈ ਵਿਚ ਬਣੀ ਸਰਕਾਰ ਨੂੰ ਬਣੇ ਅਜੇ  27 ਜਨਵਰੀ ਨੂੰ ਦੋ ਮਹੀਨੇ ਹੋਣੇ ਹਨ,ਪਰ ਖਜ਼ਾਨੇ ਦੀ ਖੁਸ਼ਕੀ ਚੁੱਕਣ ਦੇ ਲਈ ਟੈਕਸ ਲੱਗਣ ਦੀਆਂ ਸਕੀਮਾਂ ਬਣ ਗਈਆਂ ਹਨ। ਖਾਸ ਕਰ ਬਿਜਲਈ ਗੱਡੀਆਂ ਨੂੰ ਖਰੀਦਣ ਦੇ ਲਈ ਸਰਕਾਰ ਨੇ ਕਈ ਲੁਭਾਵਣੀਆ ਸਕੀਮਾਂ ਲੋਕਾਂ ਲਈ ਦਿੱਤੀਆਂ। ਰੀਬੇਟ ਦਿੱਤਾ ਗਿਆ ਅਤੇ ਬੱਸ ਲੇਨ ਦੇ ਵਿਚ ਜਾਣ ਦੀ ਇਜ਼ਾਜਤ ਤੱਕ ਦੇ ਦਿੱਤੀ। ਲੋਕਾਂ ਨੂੰ ਲਗਦਾ ਸੀ ਕਿ ਬਿਜਲਈ ਕਾਰਾਂ ਦੇ ਨਾਲ ਘੱਟ ਖਰਚਾ ਹੋਵੇਗਾ। ਲੋਕਾਂ ਦੇ ਘਰਾਂ ਦੇ ਵਿਚ ਬਿਜਲੀ ਦੇ ਬਿੱਲ ਤਾਂ ਫਿਰ ਵੀ ਵੱਧ ਆਉਣੇ ਹੀ ਸਨ ਪਰ ਪੈਟਰੋਲ ਪੰਪਾਂ ਦੇ ਚੱਕਰਾਂ ਦਾ ਛੁੱਟਕਾਰਾ ਜਰੂਰ ਸੀ। ਇਸ ਦੌਰਾਨ ਪ੍ਰਦੂਸ਼ਣ ਰਹਿਤ ਗੱਡੀਆਂ ਹੋਣ ਕਰਕੇ ਹੋਰ ਵੀ ਟੈਕਸ ਮਾਫ ਸਨ। ਪਰ ਹੁਣ ਸਰਕਾਰ ਨੇ 1 ਅਪ੍ਰੈਲ 2024 ਤੋਂ ਬਿਜਲਈ ਕਾਰਾਂ ਦੇ ਉਤੇ ਰੋਡ ਟੈਕਸ ਲਗਾ ਦੇਣਾ ਹੈ। ਗਹਿਰੀ ਗਿਣਤੀ ਮਿਣਤੀ ਦੇ ਵਿਚ ਹਿਸਾਬ ਲਾਇਆ ਇਹ ਜਾਪਦਾ ਹੈ ਕਿ ਪੈਟਰੋਲ ਵਾਲੀਆਂ ਗੱਡੀਆਂ ਦਾ ਪ੍ਰਤੀ ਹਜ਼ਾਰ ਕਿਲੋਮੀਟਰ ਖਰਚਾ ਟੈਕਸ ਹੋਵੇਗਾ ਜਦ ਕਿ ਪ੍ਰਤੀ 1000 ਕਿਲੋਮੀਟਰ ਬਿਜਲਈ ਕਾਰਾਂ ਨੂੰ ਜਿਆਦਾ ਟੈਕਸ ਦੇਣਾ ਪਵੇਗਾ।

ਤਬਦੀਲੀਆਂ ਦੇ ਨਤੀਜੇ ਵਜੋਂ 1 ਅਪ੍ਰੈਲ 2024 ਤੋਂ ਬੈਟਰੀ ਅਤੇ ਪਲੱਗਇਨ ਹਾਈਬ੍ਰਿਡ  ’ਤੇ ਸੜਕ ਵਰਤੋਂ ਟੈਕਸ ਵਸੂਲ ਕੀਤਾ ਜਾਵੇਗਾ। ਬਿਜਲਈ ਕਾਰ ਨੂੰ 76 ਡਾਲਰ ਪ੍ਰਤੀ 1000 ਕਿਲੋਮਟਰ ਦੀ ਮੌਜੂਦਾ ਦਰ ਨਾਲ ਚਾਰਜ ਕੀਤਾ ਜਾਵੇਗਾ, ਜਦੋਂ ਕਿ ਬਿਜਲੀ ਅਤੇ ਪੈਟਰੋਲ ਵਾਲੀ ਸਾਂਝੀ ਕਾਰ ਉਤੇ ਪ੍ਰਤੀ 1000 ਕਿਲੋਮਟਰ 56 ਡਾਲਰ  ਦਾ ਭੁਗਤਾਨ ਕਰਨਗੇ। ਦੂਜੇ ਪਾਸੇ ਪੈਟਰੋਲ ਅਤੇ ਗੈਰ-ਪਲੱਗਇਨ ਹਾਈਬ੍ਰਿਡ, ਫਿਊਲ ਐਕਸਾਈਜ਼ ਡਿਊਟੀ ਅਤੇ ਸੰਬੰਧਿਤ ਖਰਚਿਆਂ ਵਿੱਚ 89 ਸੈਂਟ ਪ੍ਰਤੀ ਲੀਟਰ ਦਾ ਭੁਗਤਾਨ ਕਰਦੇ ਹਨ। ਇਸਦਾ ਮਤਲਬ ਹੈ ਕਿ ਪੈਟਰੋਲ ਬਰਨਰ ਫਿਊਲ ਐਕਸਾਈਜ਼ ਡਿਊਟੀ ਵਿੱਚ 76 ਡਾਲਰ ਪ੍ਰਤੀ 1,000 ਕਿਲੋਮੀਟਰ ਤੋਂ ਘੱਟ ਦਾ ਭੁਗਤਾਨ ਕਰਦਾ ਹੈ ਜੇਕਰ ਉਹਨਾਂ ਦੀ ਬਾਲਣ ਕੁਸ਼ਲਤਾ (ਔਸਤਨ ਪ੍ਰਤੀ ਲੀਟਰ) 8.5 ਲੀਟਰ ਪ੍ਰਤੀ 100 ਕਿਲੋਮੀਟਰ ਤੋਂ ਬਿਹਤਰ ਹੈ।

ਉਦਾਹਰਣ ਲਈ, ਇੱਕ 2023 ਹੌਂਡਾ ਕੋਨਾ ਬਿਜਲਈ ਕਾਰ ਨਵੀਂ ਨੀਤੀ ਦੇ ਤਹਿਤ 100 ਕਿਲੋਮੀਟਰ ਮਾਈਲੇਜ ਲਈ ਸੜਕ ਵਰਤੋਂ ਟੈਕਸ ਵਿੱਚ 7.60 ਡਾਲਰ ਦਾ ਭੁਗਤਾਨ ਕਰੇਗੀ, ਜਦੋਂ ਕਿ ਉਸੇ ਵਾਹਨ ਦਾ ਪੈਟਰੋਲ ਸੰਸਕਰਣ 6.50 ਡਾਲਰ ਦਾ ਭੁਗਤਾਨ ਕਰੇਗਾ ਅਤੇ ਹਾਈਬ੍ਰਿਡ ਸੰਸਕਰਣ ਫਿਊਲ ਐਕਸਾਈਜ਼ ਡਿਊਟੀ ਵਿੱਚ ਸਿਰਫ 3.83 ਡਾਲਰ ਦਾ ਭੁਗਤਾਨ ਕਰੇਗਾ। ਇਹ ਬਿਜਲਈ ਮਾਲਕ ਲਈ ਹਰ ਸਾਲ ਇੱਕੋ ਜਿਹੀ ਦੂਰੀ ਕਰਨ ਵਾਲੇ ਹਾਈਬ੍ਰਿਡ ਦੇ ਮਾਲਕ ਨਾਲੋਂ ਸਾਲਾਨਾ ਲਗਭਗ 600 ਡਾਲਰ ਵਾਧੂ ਲਾਗਤ ਦੇ ਬਰਾਬਰ ਹੈ।

ਇਹ ਤਾਂ ਉਹ ਗੱਲ ਲਗਦੀ ਹੈ ਜਿਵੇਂ ਖੈਰ ਖਵਾਹ ਸੱਸ ਤਰੀਕੇ ਦੇ ਨਾਲ ਆਪਣੀ ਨੂੰਹ ਕੋਲੋਂ ਪਹਿਲਾਂ ਹੋਰ ਕੰਮ ਕਰਵਾਈ ਜਾਵੇ ਅਤੇ ਫਿਰ ਅੱਧਪਚੱਧਾ ਹੋਣ ਉਤੇ ਉਸ ਤੋਂ ਅਗਲਾ ਕੰਮ ਕਰਵਾਉਣਾ ਸ਼ੁਰੂ ਕਰ ਦੇਵੇ। ਸਰਕਾਰ ਇਸ ਸਕੀਮ ਤਹਿਤ 86 ਮਿਲੀਅਨ ਵਾਧੂ ਕਮਾਉਣਾ ਚਾਹੁੰਦੀ ਹੈ। ਇਸ ਵੇਲੇ ਪਾਰਲੀਮੈਂਟ ਤਾਂ ਬੰਦ ਹੈ ਪਰ ਦਰਸ਼ਕਾਂ ਦੇ ਲਈ ਕਈ ਸਕੀਮਾਂ ਹਨ।  30 ਜਨਵਰੀ ਨੂੰ ਚੁਣੇ ਹੋਏ ਸਾਂਸਦ 2 ਵਜੇ ਇਕਤੱਰ ਹੋਣਗੇ। 6 ਵਜੇ ਤੱਕ ਵਿਚਾਰਾਂ ਕਰਨਗੇ, ਫਿਰ ਡੇਢ ਘੰਟਾ ਰਾਤ ਦਾ ਪ੍ਰਸ਼ਾਦਾ ਛਕਣਗੇ ਅਤੇ ਫਿਰ ਢਾਈ ਕੁ ਘੰਟੇ ਹੋਰ ਗੱਲਾਂ ਬਾਤਾਂ ਕਰਕੇ ਗੁੱਡ ਨਾਈਟ ਕਹਿ ਕੇ ਨਿਕਲ ਜਾਣਗੇ।

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2024