ਚੰਡੀਗੜ੍ਹ-ਅਗਾਮੀ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕਰਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨਾਲ ਮੌਜੂਦਾ ਗਠਜੋੜ ਬਰਕਰਾਰ ਰਹੇਗਾ। ਜਾਣਕਾਰੀ ਮੁਤਾਬਕ ਨਵੀਂ ਦਿੱਲੀ ਵਿਖੇ ਆਪਣੀ ਰਿਹਾਇਸ਼ ’ਤੇ ਪਾਰਟੀ ਦੀ ਪੰਜਾਬ ਇਕਾਈ ਨਾਲ ਮੀਟਿੰਗ ਦੌਰਾਨ ਮਾਇਆਵਤੀ ਨੇ ਕਿਹਾ ਕਿ ਪੰਜਾਬ ਵਿਚ ਬਸਪਾ-ਅਕਾਲੀ ਦਲ ਦਾ ਗਠਜੋੜ ਜਾਰੀ ਰਹੇਗਾ ਅਤੇ ਉਨ੍ਹਾਂ ਦੀ ਪਾਰਟੀ ਮੌਜੂਦਾ ਗਠਜੋੜ ਨੂੰ ਨੁਕਸਾਨ ਪਹੁੰਚਾਉਣ ਲਈ ਕਦੇ ਵੀ ਪਹਿਲ ਨਹੀਂ ਕਰੇਗੀ। ਦੂਜੇ ਪਾਸੇ ਪੰਜਾਬ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸੂਬਾ ਇਕਾਈ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਪੰਜਾਬ ਵਿਚ ਲੋਕ ਸਭਾ ਸੀਟਾਂ ਦੀ ਵੰਡ ਬਾਰੇ ਫ਼ੈਸਲਾ ਸਾਡੀ ਪਾਰਟੀ ਹਾਈਕਮਾਂਡ ਜਲਦੀ ਹੀ ਅਕਾਲੀ ਲੀਡਰਸ਼ਿਪ ਨਾਲ ਮੀਟਿੰਗ ਤੋਂ ਬਾਅਦ ਲਵੇਗੀ। ਬਸਪਾ ਪੰਜਾਬ ਵਿਚ ਕਿਹੜੀਆਂ ਲੋਕ ਸਭਾ ਸੀਟਾਂ ’ਤੇ ਚੋਣ ਲੜਨ ਦੀ ਇੱਛੁਕ ਹੈ, ਬਾਰੇ ਪੁੱਛੇ ਜਾਣ ’ਤੇ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਜ਼ਮੀਨੀ ਸਥਿਤੀ ਬਾਰੇ ਜਾਣੂ ਕਰਵਾ ਦਿੱਤਾ ਹੈ ਅਤੇ ਅੰਤਿਮ ਫ਼ੈਸਲਾ ਪਾਰਟੀ ਸੁਪਰੀਮੋ ਦਾ ਹੀ ਹੋਵੇਗਾ। ਮਾਇਆਵਤੀ ਨੇ ਬਸਪਾ ਆਗੂਆਂ ਨੂੰ ਬਸਪਾ ਦੀ ਵਿਚਾਰਧਾਰਾ ਲੋਕਾਂ ਵਿਚ ਮਜ਼ਬੂਤੀ ਨਾਲ ਲੈ ਕੇ ਜਾਣ ਦੇ ਪੰਜਾਬ ਵਿਚਲੇ ਪਾਰਟੀ ਕੇਡਰ ਨੂੰ ਨਿਰਦੇਸ਼ ਦਿੱਤੇ ਹਨ। ਸੂਬਾ ਇਕਾਈ ਨੂੰ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਸ਼ੁਰੂ ਕਰਨ ਲਈ ਜਲਦੀ ਤੋਂ ਜਲਦੀ ਬੂਥ ਪੱਧਰੀ ਕਮੇਟੀਆਂ ਬਣਾਉਣ ਲਈ ਆਖਿਆ ਗਿਆ ਹੈ।