ਲਹਿਰਾਗਾਗਾ-ਲੋਕ ਚੇਤਨਾ ਮੰਚ, ਲਹਿਰਾਗਾਗਾ ਨੇ ਇਥੇ ਸਥਾਨਕ ਸਰਕਾਰੀ ਹਸਪਤਾਲ ਦੇ ਪਾਰਕ 'ਚ ਅਹਿਮ ਮੀਟਿੰਗ ਕਰਦਿਆਂ 23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਕਰਵਾਏ ਜਾਣ ਵਾਲੇ ਇਨਕਲਾਬੀ ਸਭਿਆਚਾਰਕ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪ੍ਰਧਾਨ ਗਿਆਨ ਚੰਦ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਮੈਂਬਰਾਂ ਦੀ ਵਿਸ਼ੇਸ਼ ਡਿਊਟੀਆਂ ਲਾਉਂਦਿਆਂ ਜ਼ੋਰਦਾਰ ਤਿਆਰੀਆਂ ਵਿੱਢਣ ਦਾ ਸੱਦਾ ਦਿੱਤਾ ਗਿਆ।
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਪਾਸ਼ ਨੂੰ ਸਮਰਪਿਤ ਇਸ ਪ੍ਰੋਗਰਾਮ ਦੌਰਾਨ ਤੀਰਥ ਚੜ੍ਹਿੱਕ ਦੀ ਨਿਰਦੇਸ਼ਨਾ ਹੇਠ ਸ਼ਹੀਦ ਭਗਤ ਸਿੰਘ ਲੋਕ ਕਲਾ ਮੰਚ, ਮੋਗਾ ਦੀ ਟੀਮ ਵੱਲੋਂ ਨਾਟਕ 'ਲੀਰਾਂ' ਅਤੇ 'ਪਰਿੰਦੇ ਭਟਕ ਗਏ' ਦਾ ਮੰਚਨ ਕੀਤਾ ਜਾਵੇਗਾ। ਟੀਮ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਕੋਰੀਓਗ੍ਰਾਫੀ ਵੀ ਪੇਸ਼ ਕਰੇਗੀ। ਮਾਲਵਾ ਹੇਕ ਗਰੁੱਪ ਵੱਲੋਂ ਡਾ. ਜਗਦੀਸ਼ ਪਾਪੜਾ ਦੀ ਨਿਰਦੇਸ਼ਨਾ 'ਚ ਇਨਕਲਾਬੀ ਗੀਤ ਪੇਸ਼ ਕੀਤੇ ਜਾਣਗੇ। ਸਾਥੀ ਹਰੀ ਸਿੰਘ ਤਰਕ ਯਾਦਗਾਰੀ ਸਨਮਾਨ ਲਈ ਵੀ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੌਰਾਨ ਮਤਾ ਪਾਸ ਕਰਦਿਆਂ ਗੁੱਜਰਾਂ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ, ਪਿੰਡ ਗੁੱਜਰਾਂ ਦੇ ਬੱਕਰੀਆਂ ਚਾਰਨ ਵਾਲੇ ਦੋ ਮਜ਼ਦੂਰਾਂ 'ਤੇ ਅਣਮਨੁੱਖੀ ਤੇ ਮੱਧਯੁਗੀ ਜ਼ਬਰ ਢਾਹਕੇ ਇੱਕ ਨੂੰ ਕਤਲ ਕਰਨ ਤੇ ਦੂਜੇ ਬੁਰੀ ਤਰ੍ਹਾਂ ਨਕਾਰਾ ਕਰ ਦਿੱਤਾ ਗਿਆ ਹੈ। ਦੂਜੇ ਮਤੇ ਰਾਹੀਂ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਮੁਲਾਜ਼ਮ ਫਰੰਟ ਦੇ ਸੂਬਾ ਕਨਵੀਨਰ ਅਤੇ ਜਮਹੂਰੀ ਲਹਿਰ ਲਈ ਮੂਹਰਲੀਆਂ ਸਫ਼ਾ ਵਿੱਚ ਰਹਿ ਕੇ ਕੰਮ ਕਰਨ ਵਾਲੇ ਸਵਰਨਜੀਤ ਸਿੰਘ ਨੂੰ ਪੰਜਾਬ ਫਾਰਮੇਸੀ ਕੌਸਲ ਵੱਲੋਂ ਫਾਰਮੇਸੀ ਰਜਿਸਟ੍ਰੇਸ਼ਨ ਵਿੱਚ ਕੀਤੀਆਂ ਧਾਂਦਲੀਆਂ ਦਾ ਪਰਦਾਫਾਸ਼ ਕਰਨ ਕਰਕੇ ਦਿੱਤੀਆ ਧਮਕੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਤੀਜੇ ਮਤੇ ਰਾਹੀਂ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਅਪ੍ਰੈਲ, 2021 ਤੋਂ ਹੁਣ ਤੱਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ 9 ਵਾਰ ਵਾਧਾ ਕੀਤਾ ਜਾ ਚੁੱਕਾ ਹੈ। ਬੀਤੇ ਸਾਲ ਕੁਲ 205.5 ਰੁਪਏ ਅਤੇ ਸਾਲ 2022 ’ਚ 153.5 ਰੁਪਏ ਦਾ ਵਾਧਾ ਕਰਨ ਦੇ ਬਾਅਦ ਹੁਣ 1 ਮਾਰਚ ਨੂੰ ਇਸ ’ਚ 50 ਰੁਪਏ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਕਾਰਨ ਹੁਣ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਮਹਿੰਗਾਈ ਨੇ ਲੋਕਾਂ ਦੇ ਘਰਾਂ ਦਾ ਬਜਟ ਵਿਗਾੜ ਦਿੱਤਾ ਹੈ।
ਮੀਟਿੰਗ ਦੌਰਾਨ ਲੋਕ ਚੇਤਨਾ ਮੰਚ ਦੇ ਆਗੂ ਨਾਮਦੇਵ ਭੁਟਾਲ, ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਸ਼ਮਿੰਦਰ ਸਿੰਘ, ਸੁਖਜਿੰਦਰ ਲਾਲੀ, ਹਰੀ ਸਿੰਘ ਅੜਕਵਾਸ, ਰਣਜੀਤ ਲਹਿਰਾ, ਪੂਰਨ ਖਾਈ, ਮਾ. ਰਤਨਪਾਲ ਡੂਡੀਆਂ, ਤਰਸੇਮ ਭੋਲੂ, ਬਲਦੇਵ ਚੀਮਾ, ਜੋਰਾ ਸਿੰਘ ਗਾਗਾ, ਮਾ. ਰਘਬੀਰ ਭੁਟਾਲ, ਗੁਰਚਰਨ ਸਿੰਘ, ਮਹਿੰਦਰ ਸਿੰਘ, ਰਾਮ ਸਿੰਘ ਖਾਈ ਅਤੇ ਬਰਿੰਦਰ ਸਿੰਘ ਹਾਜ਼ਰ ਸਨ।