ਚੰਡੀਗੜ੍ਹ-ਅੱਜ ਚੰਡੀਗੜ੍ਹ ਵਿਖੇ ਨਾਲੇਜ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਆਫ ਇੰਡੀਆ ਵੱਲੋਂ ਫੂਡ ਪ੍ਰੋਸੈਸਿੰਗ ਅਤੇ ਐਗਰੀ ਬਿਜ਼ਨਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਕਾਨਫਰੰਸ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਈ ਅਤੇ ਉਦੇਸ਼ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਸਨਅਤ ਦੀ ਸੰਭਾਵਾਨਾਵਾਂ ਨੂੰ ਉਜਾਗਰ ਕਰਨਾ ਸੀ। ਕਾਨਫਰੰਸ ਵਿੱਚ ਪੰਜਾਬ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਕ੍ਰਿਸ਼ੀ ਉਦਮੀ ਕ੍ਰਿਸ਼ਕ ਵਿਕਾਸ ਚੈਂਬਰ, ਇੰਡੀਅਨ ਇਨਵੈਸਟਰਸ ਫੈਡਰੇਸ਼ਨ ਨੇ ਸਹਿਯੋਗ ਦਿੱਤਾ। ਫੂਡ ਪ੍ਰੋਸੈਸਿੰਗ ਅਤੇ ਬਾਗ਼ਬਾਨੀ ਮੰਤਰੀ, ਪੰਜਾਬ ਸ.ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਦੇ ਸੌ ਤੋਂ ਵੱਧ ਫੂਡ ਪ੍ਰੋਸੈਸਿੰਗ ਉਦਯੋਗਾਂ, ਉੱਦਮੀਆਂ, ਐਫ.ਪੀ.ਓਜ., ਸਟਾਰਅੱਪਜ ਦੀ ਮੌਜੂਦਗੀ ਵਿੱਚ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਦੌਰਾਨ ਰਵਨੀਤ ਕੌਰ, ਆਈ.ਏ.ਐਸ., ਵਿਸ਼ੇਸ਼ ਮੁੱਖ ਸਕੱਤਰ, ਫੂਡ ਪ੍ਰੋਸੈਸਿੰਗ, ਪੰਜਾਬ ਸਰਕਾਰ, ਡਾ. ਸ੍ਰੀਮਥੀ ਘੋਸ਼, ਅਧੀਨ ਸਕੱਤਰ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ, ਭਾਰਤ ਸਰਕਾਰ, ਸ੍ਰੀ ਰਾਹੁਲ ਮਿੱਤਲ, ਮਾਨਯੋਗ ਪ੍ਰਤੀਨਿਧੀ, ਨਾਲੇਜ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਦਲੀਪ ਸ਼ਰਮਾ, ਸਕੱਤਰ ਜਨਰਲ, ਪੰਜਾਬ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕੀਤਾ।