ਮਾਨਸਾ-ਪਿਛਲੇ ਸਾਲ 29 ਮਈ ਨੂੰ ਗੋਲੀਆਂ ਵੱਜਣ ਕਾਰਨ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ, ਦੀ ਬਰਸੀ ਦੀ ਪੋਸਟ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਜਾਣਕਾਰੀ ਮੁਤਾਬਕ ਬਲਕੌਰ ਸਿੰਘ ਨੇ ਜਿਹੜੀ ਪੋਸਟ ਸਾਂਝੀ ਕੀਤੀ ਹੈ, ਉਸ ਅਨੁਸਾਰ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦੀ ਪਹਿਲੀ ਬਰਸੀ 19 ਮਾਰਚ 2023 ਨੂੰ ਮਾਨਸਾ ਦੀ ਨਵੀਂ ਅਨਾਜ ਮੰਡੀ ’ਚ ਮਨਾਉਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਸੀ ਕਿ ਮੂਸੇਵਾਲਾ ਦੀ ਪਹਿਲੀ ਬਰਸੀ 29 ਮਈ ਨੂੰ ਆਉਂਦੀ ਹੈ ਪਰ ਭਾਰੀ ਇਕੱਠ ਤੇ ਗਰਮੀ ਨੂੰ ਦੇਖਦਿਆਂ ਕੁਝ 2 ਮਹੀਨੇ ਪਹਿਲਾਂ 19 ਮਾਰਚ ਨੂੰ ਬਰਸੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਦੱਸ ਦਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ’ਤੇ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਚਲਾਈ ਹੈ। ਆਏ ਦਿਨ ਬਲਕੌਰ ਸਿੱਧੂ ਤੇ ਚਰਨ ਕੌਰ ਪੋਸਟਾਂ ਰਾਹੀਂ ਪੁੱਤਰ ਲਈ ਇਨਸਾਫ਼ ਦੀ ਮੰਗ ਕਰਦੇ ਰਹਿੰਦੇ ਹਨ।