ਚੰਡੀਗੜ੍ਹ-ਪੰਜਾਬ ਵਿਚ ਬੀਤੇ ਦਿਨਾਂ ਤੋਂ ਜੋ ਘਟਨਾਵਾਂ ਵਾਪਰ ਰਹੀਆਂ ਹਨ ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਸੂਬੇ ਵਿਚ ਅਮਨ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਅਤੇ ਕਿਸੇ ਤਰ੍ਹਾਂ ਦੇ ਸਰਕਾਰੀ ਦਮਨ ਚੱਕਰ ਤੋਂ ਗੁਰੇਜ਼ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ ਅਤੇ ਕਿਹਾ ਕਿ ਇਹ ਘੜੀ ਸਰਕਾਰਾਂ ਵੱਲੋਂ ਦੂਰ ਅੰਦੇਸ਼ੀ, ਸੂਝ ਬੂਝ ਤੋਂ ਕੰਮ ਲੈਣ ਦੀ ਹੈ। ਉਹਨਾਂ ਨੇ ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੇ ਨਾਮ ਇਥੋਂ ਜਾਰੀ ਇਕ ਸੰਦੇਸ਼ ਵਿਚ ਕਿਹਾ ਕਿ ਖਾਲਸਾ ਪੰਥ , ਪੰਜਾਬ ਤੇ ਦੇਸ਼ ਇਸ ਵਕਤ ਇਕ ਨਾਜ਼ੁਕ ਘੜੀ ਵਿਚੋਂ ਗੁਜ਼ਰ ਰਿਹਾ ਹੈ। ਉਹਨਾਂ ਸਮੂਹ ਸਬੰਧਿਤ ਧਿਰਾਂ ਵਿਸ਼ੇਸ਼ ਕਰਕੇ ਸਰਕਾਰ ਨੂੰ ਪੁਰ ਜ਼ੋਰ ਅਪੀਲ ਕੀਤੀ ਕਿ ਸੂਬੇ ਵਿਚ ਅਮਨ ਤੇ ਭਾਈਚਾਰਕ ਸਾਂਝ ਉੱਤੇ ਹਰ ਕੀਮਤ ’ਤੇ ਪਹਿਰਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਵਿਚ ਅਮਨ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਆਪਣੇ ਬੁਨਿਆਦੀ ਸੰਵਿਧਨਿਕ ਫਰਜ਼ ਨਿਭਾਉਣ ਵਿਚ ਪੂਰੀ ਤਰਾਂ ਅਸਫਲ ਰਹੀ ਹੈ। ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਉਤੇ ਮਾਯੂਸੀ ਪ੍ਰਗਟ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੀ ਥਾਂ ਇਹ ਸਰਕਾਰ ਉਲਟਾ ਬਹਾਦਰ ਅਤੇ ਦੇਸ਼ ਭਗਤ ਸਿੱਖ ਕੌਮ ਨੂੰ ਦੇਸ਼ ਭਰ ਵਿਚ ਬਦਨਾਮ ਕਰਨ ਦੇ ਰਾਹ ’ਤੇ ਤੁਰ ਪਈ ਹੈ। ਉਹਨਾਂ ਮੀਡੀਆ ਸਮੇਤ ਸਭ ਧਿਰਾਂ ਨੂੰ ਨੂੰ ਅਪੀਲ ਕੀਤੀ ਕਿ ਪੰਜਾਬੀਆਂ ਤੇ ਖਾਸ ਕਰਕੇ ਦੇਸ਼ ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੁਹਿੰਮ ਬੰਦ ਕੀਤੀ ਜਾਵੇ।