ਚੰਡੀਗੜ੍ਹ-1988 ਦੇ ਪਟਿਆਲਾ ਰੋਡ ਰੇਂਜ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਹੋ ਗਈ ਸੀ। ਜੋ ਕਿ ਪਟਿਆਲਾ ਜੇਲ੍ਹ ਵਿਚ ਸਨ ਅਤੇ 317 ਦਿਨ ਬਾਅਦ ਪਟਿਆਲਾ ਕੇਂਦਰੀ ਜੇਲ੍ਹ ਤੋਂ ਰਿਹਾਅ ਹੋ ਗਏ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਸਿੱਧੂ 19 ਮਈ 2022 ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਆਪਣੇ ਸਮਰਥਕਾਂ ਨੂੰ ਸਲਾਮ ਕੀਤਾ। ਉਹਨਾਂ ਨੇ ਪਤਨੀ ਦੇ ਕੈਂਸਰ, ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ, ਕੇਂਦਰ ਸਰਕਾਰ, ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ’ਤੇ ਸਿੱਧੂ ਨੇ ਕਿਹਾ- ਅੱਜ ਲੋਕਤੰਤਰ ਜ਼ੰਜੀਰਾਂ ’ਚ ਹੈ। ਅਦਾਰੇ ਗੁਲਾਮ ਹਨ। ਜਦੋਂ ਵੀ ਇਸ ਦੇਸ਼ ਵਿਚ ਤਾਨਾਸ਼ਾਹੀ ਆਈ ਹੈ, ਇਨਕਲਾਬ ਵੀ ਆਇਆ ਹੈ। ਇਸ ਵਾਰ ਉਸ ਇਨਕਲਾਬ ਦਾ ਨਾਂਅ ਰਾਹੁਲ ਹੈ ਜੋ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਪੁਰਖਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਪੁਰਖਿਆਂ ਤੋਂ ਪ੍ਰੇਰਣਾ ਲੈ ਕੇ ਰਾਹੁਲ ਗਾਂਧੀ ਲੋਕਤੰਤਰ ਅਤੇ ਸੰਸਥਾਵਾਂ ਦੀਆਂ ਬੇੜੀਆਂ ਕੱਟ ਰਹੇ ਹਨ। ਮੈਂ ਔਖੇ ਵੇਲੇ ਹਰ ਵਰਕਰ, ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਖੜ੍ਹਾ ਰਹਾਂਗਾ। ਇਸ ਤੋਂ ਬਿਨਾਂ ਸਿੱਧੂ ਨੇ ਪੰਜਾਬ ਦੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਮੇਰੀ ਪਤਨੀ ਨੂੰ ਕੈਂਸਰ ਹੈ ਪਰ ਫਿਰ ਵੀ ਮੈਂ ਜੇਲ੍ਹ ’ਚੋਂ ਛੁੱਟੀ ਨਹੀਂ ਲਈ। ਮੇਰੀ ਲੜਾਈ ਮੇਰੇ ਪਰਿਵਾਰ ਲਈ ਨਹੀਂ ਸਗੋਂ ਪੰਜਾਬ ਲਈ ਹੈ। ਇਸ ਮੌਕੇ ਸਿੱਧੂ ਮੂਸੇਵਾਲਾ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਕਾਨੂੰਨ ਵਿਵਸਥਾ ਲਈ ਕੇਂਦਰ ਸਰਕਾਰ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੀ ਸੂਬਾ ਸਰਕਾਰ। ਸਿੱਧੂ ਮੂਸੇਵਾਲਾ ਦੇ ਮੁੱਦੇ ਉੱਤੇ ਮੈਂ ਉਸ ਦੇ ਘਰ ਜਾ ਕੇ ਗੱਲ ਕਰਾਂਗਾ।