ਓਟਵਾ-ਟੈਲਫੋਰਡ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮੁੱਦੇ ਉੱਤੇ ਪ੍ਰੋਸੀਜ਼ਰ ਤੇ ਹਾਊਸ ਅਫੇਅਰਜ਼ ਕਮੇਟੀ ਸਬੰਧੀ ਸ਼ੁੱਕਰਵਾਰ ਨੂੰ ਪਾਰਲੀਮੈਂਟ ਕਮੇਟੀ ਸਾਹਮਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ ਪੇਸ਼ ਹੋਵੇਗੀ। ਜਾਣਕਾਰੀ ਅਨੁਸਾਰ ਕੇਟੀ ਟੈਲਫੋਰਡ ਵਿਦੇਸ਼ੀ ਦਖਲ ਦੇ ਮੁੱਦੇ ਉੱਤੇ ਗਵਾਹੀ ਦੇਵੇਗੀ। ਆਫਿਸ ਨੇ ਇਹ ਵੀ ਆਖਿਆ ਕਿ ਅਜੇ ਇਸ ਸਬੰਧ ਵਿੱਚ ਕੋਈ ਪੱਕਾ ਸਮਾਂ ਨਹੀਂ ਦੱਸਿਆ ਗਿਆ ਹੈ। ਟੈਲਫੋਰਡ ਨੇ ਪਿਛਲੇ ਮਹੀਨੇ ਕਮੇਟੀ ਨਾਲ ਮੁਲਾਕਾਤ ਕਰਨ ਉੱਤੇ ਸਹਿਮਤੀ ਦਿੱਤੀ ਸੀ। ਪਰ ਲਿਬਰਲਾਂ ਵੱਲੋਂ ਕਈ ਤਰ੍ਹਾਂ ਦੇ ਅੜਿੱਕੇ ਪਾ ਕੇ ਉਸ ਦੀ ਸੁਣਵਾਈ ਟਾਲੀ ਜਾਂਦੀ ਰਹੀ। ਉਸ ਸਮੇਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਸੀ ਕਿ ਜੇ ਸਰਕਾਰ ਇਸ ਮਾਮਲੇ ਵਿੱਚ ਖੁਦ ਸਹਿਮਤ ਨਹੀਂ ਹੁੰਦੀ ਤਾਂ ਟੈਲਫੋਰਡ ਨੂੰ ਗਵਾਹੀ ਦੇਣ ਲਈ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਮਤੇ ਦਾ ਐਨਡੀਪੀ ਸਮਰਥਨ ਕਰੇਗੀ।