ਓਟਵਾ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਵਿਚਕਾਰ ਮੁਲਾਕਾਤ ਹੋਈ ਜਿਸ ਵਿਚ ਟਰੂਡੋ ਨੇ ਐਲਾਨ ਕੀਤਾ ਕਿ ਯੂਕਰੇਨ ਦੀ ਨਵੀਂ ਮਿਲਟਰੀ, ਆਰਥਿਕ ਤੇ ਸੱਭਿਆਚਾਰਕ ਮਦਦ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਕੈਨੇਡਾ ਵੱਲੋਂ ਐਲਾਨੀ ਗਈ ਮਦਦ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਰਾਈਫਲਾਂ, ਦਰਜਨਾਂ ਮਸ਼ੀਨ ਗੰਨਜ਼ ਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਯੂਕਰੇਨ ਨੂੰ ਮੁਹੱਈਆ ਕਰਵਾਇਆ ਜਾਵੇਗਾ। ਟਰੂਡੋ ਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸ਼ਮਹੈਲ ਵੱਲੋਂ ਇੱਕ ਨਵੇਂ ਸਮਝੌਤੇ ਉੱਤੇ ਵੀ ਦਸਤਖ਼ਤ ਕੀਤੇ ਗਏ ਹਨ ਜਿਸ ਤਹਿਤ ਯੂਕਰੇਨੀਅਨ ਤੇ ਕੈਨੇਡੀਅਨ ਨੌਜਵਾਨਾਂ ਨੂੰ ਕੰਮਕਾਜ ਵਿੱਚ ਤੇ ਦੋਵਾਂ ਦੇਸ਼ਾਂ ਵਿੱਚ ਟਰੈਵਲ ਦੌਰਾਨ ਮਦਦ ਮਿਲੇਗੀ। ਇਸ ਦੇ ਨਾਲ ਹੀ ਮੌਜੂਦਾ ਕੈਨੇਡਾ-ਯੂਕਰੇਨ ਫਰੀ ਟਰੇਡ ਡੀਲ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਸ ਮੌਕੇ ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ 14 ਰੂਸੀ ਵਿਅਕਤੀਆਂ, 34 ਰੂਸੀ ਵਸਤਾਂ ਅਤੇ ਬੇਲਾਰੂਸ ਵਿੱਚ ਵਿੱਤੀ ਸੈਕਟਰ ਨਾਲ ਜੁੜੀਆਂ ਨੌਂ ਆਰਗੇਨਾਈਜ਼ੇਸ਼ਨਜ਼ ਉੱਤੇ ਵੀ ਨਵੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਅਜਿਹਾ ਇਨ੍ਹਾਂ ਵੱਲੋਂ ਰੂਸ ਦੇ ਯੂਕਰੇਨ ਉੱਤੇ ਕੀਤੇ ਹਮਲੇ ਨੂੰ ਸਮਰਥਨ ਦੇਣ ਬਦਲੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਯੂਕਰੇਨ ਦੇ ਪ੍ਰਧਾਨ ਮੰਤਰੀ ਵੱਲੋਂ ਹਰ ਤਰ੍ਹਾਂ ਦੇ ਦਿੱਤੇ ਜਾ ਰਹੇ ਸਮਰਥਨ ਲਈ ਕੈਨੇਡਾ ਦਾ ਸ਼ੁਕਰੀਆ ਵੀ ਅਦਾ ਕੀਤਾ ਗਿਆ। ਉਨ੍ਹਾਂ ਪੂਰਬੀ ਯੂਕਰੇਨ ਵਿੱਚ ਡਿਫੈਂਸ ਨੂੰ ਹੋਰ ਮਜ਼ਬੂਤ ਕਰਨ ਲਈ ਵਾਧੂ ਮਿਲਟਰੀ ਸਹਿਯੋਗ ਦੀ ਵੀ ਕੈਨੇਡਾ ਤੋਂ ਮੰਗ ਕੀਤੀ।