ਚੰਡੀਗੜ੍ਹ-ਪੰਜਾਬ ਵਿਚ ਪੰਜਾਬ ਸਰਕਾਰ ਵੱਲੋਂ ਇਕ ਬਿਜਲੀ ਸਪਲਾਈ ਨੈਟਵਰਕ ਅਪਗ੍ਰੇਡ ਕਰਨ ਦੀ ਪਲਾਨਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਸੂਬੇ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਵਲੋਂ ਪੂਰਾ ਪਲਾਨ ਤਿਆਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਪਲਾਨ ਵਿਚ ਨਾ ਸਿਰਫ਼ ਭਵਿੱਖ ਦੀ ਖਪਤ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਗਰਿੱਡ ਤਿਆਰ ਕਰਨ ਲਈ ਸ਼ਾਮਲ ਕੀਤਾ ਗਿਆ ਹੈ, ਸਗੋਂ ਵੱਧਦੇ ਲੋਡ ਦੀ ਪੂਰਤੀ ਲਈ ਵੱਡੇ ਟਰਾਂਸਫਾਰਮਰ, ਨਵੀਂਆਂ ਟਰਾਂਸਮਿਸ਼ਨ ਲਾਈਨਾਂ ਵਿਛਾਉਣ ’ਤੇ ਵੀ ਧਿਆਨ ਦਿੱਤਾ ਗਿਆ ਹੈ। ਸੂਬੇ ਵਿਚ ਪਾਵਰ ਡਿਸਟਰੀਬਿਊਸ਼ਨ ਸਿਸਟਮ ਨੂੰ ਹੋਰ ਜ਼ਿਆਦਾ ਵਿਵਹਾਰਕ ਅਤੇ ਸੁਵਿਧਾਜਨਕ ਬਣਾਉਣ ਲਈ ਯੋਜਨਾ ਬਣਾਈ ਗਈ ਹੈ। ਰਿਵੈਂਪਡ ਡਿਸਟਰੀਬਿਊਸ਼ਨ ਸੈਕਟਰ ਸਕੀਮ ਤਹਿਤ ਪੰਜਾਬ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਇਸ ਯੋਜਨਾ ’ਤੇ 9642 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਬਣਾਇਆ ਗਿਆ ਹੈ। ਇਸ ਤਹਿਤ 2027 ਤੱਕ ਓਵਰਲੋਡ ਅਤੇ ਲੰਬੀ ਦੂਰੀ ਤੱਕ ਫੀਡ ਕਰਨ ਵਾਲੇ ਸਟੇਸ਼ਨਾਂ ਦੇ ਲੋਡ ਨੂੰ ਵੰਡਿਆ ਜਾਵੇਗਾ, ਜ਼ਰੂਰਤ ਮੁਤਾਬਕ ਨਵੇਂ ਡਿਸਟ?ਰੀਬਿਊਸ਼ਨ ਟਰਾਂਸਫਾਰਮਰ ਲਗਾਏ ਜਾਣੇ ਹਨ, 66 ਕੇ. ਵੀ. ਸਬ ਸਟੇਸ਼ਨ, ਪਾਵਰ ਟਰਾਂਸਫਾਰਮਰ ਲਗਾਉਣ ਦੇ ਨਾਲ-ਨਾਲ ਆਈ. ਟੀ. ’ਤੇ ਆਧਾਰਤ ਡਿਸਟਰੀਬਿਊਸ਼ਨ ਸਿਸਟਮ, ਮੀਟਰਿੰਗ ਦੇ ਕੰਮ ਵੀ ਕੀਤੇ ਜਾਣਗੇ। ਇਸ ਤੋਂ ਬਿਨਾਂ ਸਿਸਟਮ ਅਪਗ੍ਰੇਡੇਸ਼ਨ ਯੋਜਨਾ ਤਹਿਤ ਹੁਣ ਤੱਕ 21,300 ਨਵੇਂ ਟਰਾਂਸਫਾਰਮਰ ਲਗਾਏ ਜਾ ਚੁੱਕੇ ਹਨ। 260 ਨਵੇਂ 11 ਕੇ. ਵੀ. ਫੀਡਰਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸਬ ਸਟੇਸ਼ਨਾਂ ਦੀ ਪਾਵਰ ਟਰਾਂਸਫਾਰਮੇਸ਼ਨ ਕੈਪੇਸਿਟੀ ਵਿਚ 1424 ਮੈਗਾ ਵੋਲਟ ਐਂਪੀਅਰ (ਐੱਮ. ਵੀ. ਏ.) ਵਾਧਾ ਕੀਤਾ ਗਿਆ ਹੈ। 66 ਕੇ. ਵੀ. ਤੋਂ ਲੈ ਕੇ 400 ਕੇ. ਵੀ. ਕੈਪੇਸਿਟੀ ਵਾਲੀਆਂ ਸਰਕਿਟ ਲਾਈਨਾਂ ਦੇ ਨੈੱਟਵਰਕ ਵਿਚ 186 ਕਿਲੋਮੀਟਰ ਦੇ ਵਾਧੇ ਦੇ ਨਾਲ-ਨਾਲ 7 ਨਵੇਂ 66 ਕੇ. ਵੀ. ਸਬ ਸਟੇਸ਼ਨ ਵੀ ਤਿਆਰ ਕੀਤੇ ਜਾ ਚੁੱਕੇ ਹਨ। ਇਸ ਯੋਜਨਾ ਤਹਿਤ ਭਵਿੱਖ ਵਿਚ ਵਧਣ ਵਾਲੀ ਬਿਜਲੀ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਪੀ. ਐੱਸ. ਪੀ. ਸੀ. ਐੱਲ. ਵਲੋਂ ਰਾਜ ਵਿਚ ਨਿਊ ਐਂਡ ਰਿਨਿਊਏਬਲ ਬਿਜਲੀ ਪ੍ਰਾਜੈਕਟਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਪ੍ਰਾਜੈਕਟਾਂ ਵਿਚ ਸੋਲਰ, ਬਾਇਓਮਾਸ, ਬਾਇਓਗੈਸ, ਵੇਸਟ ਟੂ ਐਨਰਜੀ, ਮਿੰਨੀ ਹਾਇਡਲ ਐਂਡ ਕਮ-ਜੈਨਰੇਸ਼ਨ ਪਲਾਂਟਾਂ ਦੇ ਨਾਲ ਵੀ ਸਮਝੌਤੇ ਕੀਤੇ ਹਨ। ਇਨ੍ਹਾਂ ਤੋਂ ਮੌਜੂਦਾ ਸਮਝੌਤਿਆਂ ਮੁਤਾਬਕ 442 ਮੈਗਾਵਾਟ ਬਿਜਲੀ ਹਾਸਲ ਹੋਵੇਗੀ। ਇਸ ਤੋਂ ਬਿਨਾਂ ਸੂਬੇ ਵਿਚ ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਅਤੇ ਸਪਲਾਈ ਦੋਵੇਂ ਹੀ ਪੀਕ ’ਤੇ ਹੁੰਦੇ ਹਨ। ਝੋਨੇ ਦੇ ਖੇਤਾਂ ਵਿਚ ਪਾਣੀ ਦੀ ਸਪਲਾਈ ਲਈ ਚੱਲਣ ਵਾਲੇ ਟਿਊਬਵੈੱਲਾਂ ਨੂੰ ਵੀ ਇਸ ਸੀਜਨ ਦੌਰਾਨ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ਦੀ ਜ਼ਰੂਰਤ ਹੁੰਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਲੋਂ ਹਰ ਸਾਲ ਇਸ ਪੀਕ ਸੀਜਨ ਦੌਰਾਨ ਨੈਸ਼ਨਲ ਗਰਿਡ ਅਤੇ ਸੂਬੇ ਤੋਂ ਬਾਹਰ ਦੇ ਹੋਰ ਬਿਜਲੀ ਉਤਪਾਦਕਾਂ ਤੋਂ ਬਿਜਲੀ ਖ਼ਰੀਦੀ ਜਾਂਦੀ ਹੈ। ਇਸ ਲਈ ਵਿਸ਼ੇਸ਼ ਟਰਾਂਸਮਿਸ਼ਨ ਨੈੱਟਵਰਕ ਸਥਾਪਿਤ ਕੀਤਾ ਹੋਇਆ ਹੈ, ਜਿਸਦੀ ਕੈਪੇਸਿਟੀ ਪਿਛਲੇ ਸਾਲ ਤੱਕ 7400 ਮੈਗਾਵਾਟ ਸੀ। ਭਵਿੱਖ ਦੀ ਡਿਮਾਂਡ ਨੂੰ ਵੇਖਦੇ ਹੋਏ ਇਸਨੂੰ ਵੀ ਪੀ. ਐੱਸ. ਪੀ. ਸੀ. ਐੈੱਲ. ਵਲੋਂ 1100 ਮੈਗਾਵਾਟ ਵਧਾ ਕੇ 8500 ਮੈਗਾਵਾਟ ਕਰ ਦਿੱਤਾ ਗਿਆ ਹੈ, ਤਾਂ ਕਿ ਜ਼ਿਆਦਾ ਜ਼ਰੂਰਤ ਪੈਣ ’ਤੇ ਬਿਜਲੀ ਦੀ ਟਰਾਂਸਮਿਸ਼ਨ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ। ਦੱਸ ਦਈਏ ਕਿ ਪੀ.ਐੱਸ. ਪੀ. ਸੀ. ਐੱਲ. ਸੂਬੇ ਦੇ 73.5 ਲੱਖ ਰਿਹਾਇਸ਼ੀ ਕੁਨੈਕਸ਼ਨਾਂ ਨੂੰ ਸਪਲਾਈ ਦਿੰਦਾ ਹੈ। ਇਸ ਤੋਂ ਇਲਾਵਾ ਉਦਯੋਗ ਅਤੇ ਖੇਤੀ ਟਿਊਬਵੈੱਲਾਂ ਦੇ ਕੁਨੈਕਸ਼ਨ ਵੱਖ ਤੋਂ ਹਨ। ਇਨ੍ਹਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਰਾਜ ਦੇ ਆਪਣੇ ਥਰਮਲ ਪਲਾਂਟ, ਨਿੱਜੀ ਥਰਮਲ ਪਲਾਂਟ, ਹਾਈਡਰੋ ਪ੍ਰਾਜੈਕਟ ਅਤੇ ਸੋਲਰ ਪਾਵਰ ਪ੍ਰਾਜੈਕਟ ਮੌਜੂਦ ਹਨ। ਇਸਦੇ ਨਾਲ ਹੀ ਵੱਡੇ ਉਦਯੋਗਾਂ ਨੂੰ ਬਾਹਰ ਤੋਂ ਬਿਜਲੀ ਖ਼ਰੀਦ ਦੀ ਵੀ ਛੋਟ ਹੈ। ਇਸ ਸਭ ਲਈ 15 ਲੱਖ ਮੈਗਾਵਾਟ ਸਪਲਾਈ ਲਾਈਨਾਂ ਵਿਛੀਆਂ ਹੋਈਆਂ ਹਨ।