ਕੋਟਕਪੂਰਾ-ਕੋਟਕਪੂਰਾ ਦੇ ਨੇੜੇ ਪਿੰਡ ਬੀਹਲੇਵਾਲਾ ਦੇ ਵਸਨੀਕ ਪੰਜ ਦੋਸਤ ਆਪਣੇ ਇਕ ਦੋਸਤ ਦੇ ਜਨਮ ਦਿਨ ਮਨਾਉਣ ਜਾ ਰਹੇ ਸਨ ਜਿਨ੍ਹਾਂ ਵਿਚੋਂ 3 ਨੌਜਵਾਨਾ ਦੀ ਸਕੌਡਾ ਕਾਰ ਬੇਕਾਬੂ ਹੋ ਕੇ ਸਰਹੰਦ ਨਹਿਰ ਵਿੱਚ ਜਾ ਡਿੱਗੀ ਅਤੇ ਤਿੰਨੋਂ ਨੌਜਵਾਨ ਪਾਣੀ ਵਿਚ ਰੁੜ ਗਏ। ਤਿੰਨਾਂ ਲੜਕਿਆਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ, ਜੋ ਪਾਣੀ ਦੇ ਤੇਜ ਵਹਾਅ ਕਾਰਨ ਲਾਪਤਾ ਹੋ ਗਏ ਪਰ ਮੌਕੇ ’ਤੇ ਪੁੱਜੀ ਪੁਲਿਸ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਕਾਰ ਨੂੰ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ ਲੜਕੇ ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ ਧਾਲੀਵਾਲ, ਜਗਮੋਹਨ ਸਿੰਘ ਪੁੱਤਰ ਹਰਵਿੰਦਰ ਸਿੰਘ ਢਿੱਲੋਂ ਅਤੇ ਦਵਿੰਦਰ ਸਿੰਘ ਪੁੱਤਰ ਰਾਜਾ ਸਿੰਘ ਆਪਣੀ ਸਕੌਡਾ ਕਾਰ ਵਿੱਚ ਸ਼ਹਿਰੋਂ ਸਮਾਨ ਲੈਣ ਲਈ ਚਲੇ ਗਏ ਅਤੇ ਅਕਾਸ਼ਦੀਪ ਤੇ ਉਸਦਾ ਸਾਥੀ ਸੁਖਦੀਪ ਸਿੰਘ ਆਪਣੇ ਉਕਤ ਦੋਸਤਾਂ ਦੀ ਉਡੀਕ ਕਰ ਰਹੇ ਸਨ ਜਦੋਂ ਪਤਾ ਲੱਗਾ ਕਿ ਸਕੌਡਾ ਕਾਰ ਦੀ ਰਫਤਾਰ ਤੇਜ਼ ਹੋਣ ਕਰਕੇ ਉਹ ਬੇਕਾਬੂ ਹੋ ਕੇ ਪਟੜੀ ਨਾਲ ਟਕਰਾਉਣ ਤੋਂ ਬਾਅਦ ਨਹਿਰ ਵਿੱਚ ਜਾ ਡਿੱਗੀ। ਪੁਲਿਸ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਪਰ ਤਿੰਨੋਂ ਲੜਕੇ ਕਾਰ ਦਾ ਸ਼ੀਸ਼ਾ ਟੁੱਟਾ ਹੋਣ ਕਾਰਨ ਪਾਣੀ ਦੇ ਤੇਜ ਵਹਾਅ ਵਿੱਚ ਲਾਪਤਾ ਹੋ ਗਏ। ਥਾਣਾ ਮੁਖੀ ਇੰਸ. ਗੁਰਵਿੰਦਰ ਸਿੰਘ ਮੁਤਾਬਿਕ ਮਾਮਲੇ ਦੀ ਜਾਂਚ ਜਾਰੀ ਹੈ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਆਖਿਆ ਕਿ ਲਾਪਤਾ ਨੌਜਵਾਨਾ ਦੀ ਭਾਲ ਲਈ ਗੋਤਾਖੋਰਾਂ ਦੀ ਮੱਦਦ ਲਈ ਜਾ ਰਹੀ ਹੈ। ਉਕਤ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।