ਚੰਡੀਗੜ੍ਹ-ਦੇਸ਼ ਵਿਚ ਵੱਧ ਰਹੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਨਸ਼ੀਲੇ ਪਦਾਰਥਾਂ ਅਤੇ ਤਸਕਰਾਂ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਅਤੇ ਟੈਰਰ ਫੰਡਿੰਗ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਐੱਨ. ਆਈ. ਏ. ਪੂਰੀ ਤਰ੍ਹਾਂ ਐਕਸ਼ਨ ’ਚ ਹੈ। ਇਸ ਮੌਕੇ ਐੱਨ. ਆਈ. ਏ. ਵੱਲੋਂ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਯੂ. ਪੀ., ਉੱਤਰਾਖੰਡ ਅਤੇ ਮੱਧ ਪ੍ਰਦੇਸ਼ ’ਚ 100 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਟੀਮ ਨੇ ਮੁਦਕੀ, ਤਲਵੰਡੀ ਸਾਬੋ ਅਤੇ ਫਿਰੋਜ਼ਪੁਰ ’ਚ 3 ਸ਼ੱਕੀ ਲੋਕਾਂ ਦੇ ਘਰ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਕਿਸੇ ਨੂੰ ਵੀ ਘਰਾਂ ਦੇ ਅੰਦਰ ਜਾਂ ਘਰਾਂ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਫਿਲਹਾਲ ਕਿਸੇ ਨੂੰ ਹਿਰਾਸਤ ’ਚ ਲਏ ਜਾਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਐੱਨ. ਆਈ. ਏ. ਦਾ ਸਰਚ ਆਪਰੇਸ਼ਨ ਜਾਰੀ ਹੈ।