ਚੰਡੀਗੜ੍ਹ-ਬੀਤੇ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਜੋ ਵਿਵਾਦ ਚੱਲ ਰਿਹਾ ਹੈ ਉਹ ਅੱਗ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਨੌਕਰੀ ਬਦਲੇ ਪੈਸੇ ਮੰਗਣ ਲਈ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦਾ ਪਰਦਾਫਾਸ਼ ਕਰਦੇ ਹੋਏ ਭਗਵੰਤ ਮਾਨ ਨੇ ਕ੍ਰਿਕਟ ਖਿਡਾਰੀ ਜਸਇੰਦਰ ਸਿੰਘ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਿਸ ਪਾਸੋਂ ਨੌਕਰੀ ਦੇਣ ਬਦਲੇ ਰਿਸ਼ਵਤ ਮੰਗੀ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਮੀਡੀਆ ਸਾਹਮਣੇ ਇਸ ਕੇਸ ਨਾਲ ਜੁੜੇ ਤੱਥ ਵੀ ਪੇਸ਼ ਕੀਤੇ। ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਦੇ ਭਤੀਜੇ ਜਸ਼ਨ ਨੇ ਜਸਇੰਦਰ ਵੱਲੋਂ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦਾ ਟੈਸਟ ਕਲੀਅਰ ਕਰਨ ਦੇ ਇਵਜ਼ ਵਿਚ ਨੌਕਰੀ ਦੇਣ ਲਈ ਉਸ ਪਾਸੋਂ 2 ਕਰੋੜ ਰੁਪਏ ਰਿਸ਼ਵਤ ਮੰਗੀ ਸੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਸ਼ਰੇਆਮ ਨੌਕਰੀਆਂ ਵਿਕਦੀਆਂ ਸਨ ਜਿਸ ਨਾਲ ਇਸ ਪ੍ਰਤਿਭਾਵਾਨ ਖਿਡਾਰੀ ਦਾ ਸ਼ਾਨਦਾਰ ਖੇਡ ਜੀਵਨ ਤਬਾਹ ਹੋ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਇਕ ਸਮਾਗਮ ਦੌਰਾਨ ਜਸਇੰਦਰ ਅਤੇ ਉਸ ਦੇ ਪਿਤਾ ਦੀ ਜਨਤਕ ਤੌਰ ’ਤੇ ਝਾੜ-ਝੰਬ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਿਰਧਾਰਤ ਮਾਪਦੰਡਾਂ ਅਨੁਸਾਰ ਜਸਇੰਦਰ ਨੂੰ ਨੌਕਰੀ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜਿਹੇ ਗਲਤ ਕੰਮਾਂ ਰਾਹੀਂ ਸੂਬੇ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਸੂਬੇ ਅਤੇ ਇਸ ਦੀ ਜਵਾਨੀ ਵਿਰੁੱਧ ਘਿਨਾਉਣੀਆਂ ਹਰਕਤਾਂ ਕੀਤੀਆਂ, ਉਸ ਨੂੰ ਹਰਗਿਜ਼ ਬਖ਼ਸ਼ਿਆ ਨਹੀਂ ਜਾਵੇਗਾ।
ਸਾਬਕਾ ਮੁੱਖ ਮੰਤਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਸ ਕੇਸ ਦਾ ਕੋਈ ਇਲਮ ਨਾ ਹੋਣ ਬਾਰੇ ਕੀਤੇ ਖੇਖਣ ’ਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੇ ਜ਼ਮੀਰ ਅੰਦਰ ਝਾਤੀ ਮਾਰਨ ਲਈ ਕਿਹਾ। ਮੁੱਖ ਮੰਤਰੀ ਨੇ ਪ੍ਰਣ ਕੀਤਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਕਿਸਮ ਦੇ ਮਾਫੀਆ ਨੂੰ ਸਿਰ ਨਹੀਂ ਚੁੱਕਣ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸੂਬੇ ਦੀ ਦੌਲਤ ਲੁੱਟਣ ਵਾਲਿਆਂ ਖ਼?ਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭ੍ਰਿਸ਼ਟਾਚਾਰ ਵਿੱਚ ਡੁੱਬੇ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਜਵਾਬਦੇਹ ਬਣਾਇਆ ਜਾਵੇਗਾ।