ਜਕਾਰਤਾ-ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਚੱਲ ਰਹੇ ਬੈਡਮਿੰਟਨ ਓਪਨ ਵਿਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸੈਮੀਫਾਈਨਲ ਵਿਚ ਆਪਣੀ ਥਾਂ ਬਣਾ ਲਈ ਹੈ। ਜਾਣਕਾਰੀ ਮੁਤਾਬਕ ਇੰਡੋਨੇਸ਼ੀਆ ਓਪਨ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ’ਚ ਸਿਖਰਲਾ ਦਰਜਾ ਹਾਸਲ ਫਜਰ ਅਲਫਿਆਨ ਤੇ ਮੁਹੰਮਦ ਰਿਆਨ ਅਰਦੀਆਂਤੋ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਸੈਮੀਫਾਈਨਲ ’ਚ ਪਹੁੰਚ ਗਏ ਹਨ। ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਕਿਦਾਂਬੀ ਸ੍ਰੀਕਾਂਤ ਹਾਲਾਂਕਿ ਕੁਆਰਟਰ ਫਾਈਨਲ ’ਚ ਚੀਨ ਦੇ ਲੀ ਸ਼ੀ ਫੈਂਗ ਤੋਂ ਹਾਰ ਕੇ ਸਿੰਗਲਜ਼ ਮੁਕਾਬਲੇ ’ਚੋਂ ਬਾਹਰ ਹੋ ਗਿਆ ਹੈ। ਭਾਰਤੀ ਖਿਡਾਰੀ ਨੂੰ ਇੱਕ ਘੰਟਾ ਤੇ ਨੌਂ ਮਿੰਟ ਤੱਕ ਚੱਲੇ ਮੁਕਾਬਲੇ ’ਚ ਵਿਸ਼ਵ ਰੈਂਕਿਗਜ਼ ’ਚ 10ਵੇਂ ਸਥਾਨ ’ਤੇ ਕਾਬਜ਼ ਖਿਡਾਰੀ ਤੋਂ 14-21, 21-14, 12-21 ਨਾਲ ਮਾਤ ਮਿਲੀ। ਦੂਜੇ ਪਾਸੇ ਸੱਤਵਾਂ ਦਰਜਾ ਹਾਸਲ ਸਾਤਵਿਕ ਤੇ ਚਿਰਾਗ ਦੀ ਜੋੜੀ ਨੂੰ ਇੰਡੋਨੇਸ਼ੀਆ ਦੀ ਪੁਰਸ਼ ਜੋੜੀ ਨੂੰ ਹਰਾਉਣ ’ਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਭਾਰਤੀ ਜੋੜੀ ਨੇ 41 ਮਿੰਟ ਚੱਲੇ ਮੁਕਾਬਲੇ ’ਚ 21-13, 21-13 ਨਾਲ ਜਿੱਤ ਦਰਜ ਕੀਤੀ।