ਨਵੀਂ ਦਿੱਲੀ-ਭਾਰਤ ਨੇ 9ਵੀਂ ਵਾਰ ਭਾਰਤੀ ਫੁੱਟਬਾਲ ਟੀਮ ਨੇ ਕੁਵੈਤ ਨੂੰ 5-4 ਦੇ ਫਰਕ ਨਾਲ ਹਰਾ ਕੇ ਸੈਫ ਚੈਂਪੀਅਨਸ਼ਿਪ 2023 ਟਰਾਫੀ ਜਿੱਤੀ। ਜਾਣਕਾਰੀ ਮੁਤਾਬਕ ਟੀਮ ਦੀ ਅਗਵਾਈ ਸੁਨੀਲ ਛੇਤਰੀ ਕਰ ਰਹੇ ਸਨ ਅਤੇ ਇਸ ਜਿੱਤ ਦਾ ਹੀਰੋ ਗੋਲਕੀਪਰ ਗੁਰਪ੍ਰੀਤ ਸਿੰਘ ਰਿਹਾ। ਫਾਈਨਲ ਦਾ ਨਤੀਜਾ ਪੈਨਲਟੀ ਸ਼ੂਟਆਊਟ ਵਿਚ ਸਾਹਮਣੇ ਆਇਆ। ਭਾਰਤ ਨੇ ਪੈਨਲਟੀ ਸ਼ੂਟਆਊਟ ਵਿਚ 5-4 ਨਾਲ ਜਿੱਤ ਦਰਜ ਕੀਤੀ। ਖ਼ਿਤਾਬੀ ਮੈਚ ਬੈਂਗਲੁਰੂ ਦੇ ਸ੍ਰੀ ਕਾਂਤੀਰਾਵਾ ਸਟੇਡੀਅਮ ਵਿਚ ਖੇਡਿਆ ਗਿਆ। ਇਹ ਭਾਰਤ ਦਾ ਕੁੱਲ ਨੌਵਾਂ ਅਤੇ ਲਗਾਤਾਰ ਦੂਜਾ ਸੈਫ ਚੈਂਪੀਅਨਸ਼ਿਪ ਖਿਤਾਬ ਹੈ। ਭਾਰਤ ਇਸ ਤੋਂ ਪਹਿਲਾਂ 1993, 1997, 1999, 2005, 2009, 2011, 2015 ਅਤੇ 2021 ਵਿੱਚ ਚੈਂਪੀਅਨ ਬਣਿਆ ਸੀ। ਭਾਰਤ ਟੂਰਨਾਮੈਂਟ ਦੇ 14 ਸਾਲਾਂ ਦੇ ਇਤਿਹਾਸ ਵਿੱਚ ਚਾਰ ਵਾਰ ਉਪ ਜੇਤੂ ਰਿਹਾ ਹੈ। ਰੋਮਾਂਚਕ ਪੈਨਲਟੀ ਸ਼ੂਟ ਆਊਟ ਵਿਚ ਗੁਰਪ੍ਰੀਤ ਸਿੰਘ ਸੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਕੁਵੈਤ ਦੇ ਕਪਤਾਨ ਖਾਲਿਦ ਅਲ ਇਬਰਾਹਿਮ ਦੇ ਆਖਰੀ ਸ਼ਾਟ ਨੂੰ ਰੋਕ ਦਿਤਾ। ਪੈਨਲਟੀ ਸ਼ੂਟਆਊਟ ਵਿਚ ਦੋਵਾਂ ਟੀਮਾਂ ਨੂੰ ਪੰਜ-ਪੰਜ ਗੋਲ ਕਰਨ ਦੇ ਮੌਕੇ ਮਿਲੇ। ਇਸ ਵਿਚ ਖੁੰਝਣ ਵਾਲੀ ਟੀਮ ਮੈਚ ਹਾਰ ਜਾਂਦੀ ਹੈ। ਨਿਰਧਾਰਤ ਪੰਜ-ਪੰਜ ਸ਼ਾਟਾਂ ਤੋਂ ਬਾਅਦ ਦੋਵੇਂ ਟੀਮਾਂ ਚਾਰ-ਚਾਰ ’ਤੇ ਬਰਾਬਰ ਰਹੀਆਂ। ਭਾਰਤ ਲਈ ਉਦੰਤ ਸਿੰਘ ਅਤੇ ਕੁਵੈਤ ਦੇ ਮੁਹੰਮਦ ਅਬਦੁੱਲਾ ਗੋਲ ਕਰਨ ਤੋਂ ਖੁੰਝ ਗਏ।