ਲਿਮਰਿਕ-ਯੂਥ ਵਿਸ਼ਵ ਚੈਂਪੀਅਨਸ਼ਿਪ ਦੇ ਰਿਕਰਵ ਵਰਗ ਵਿੱਚ ਪਾਰਥ ਸਾਲੁੰਖੇ ਸੋਨ ਤਗ਼ਮਾ ਜਿੱਤਣ ਵਾਲਾ ਦੇਸ਼ ਦਾ ਪਹਿਲਾ ਪੁਰਸ਼ ਤੀਰਅੰਦਾਜ਼ ਬਣ ਗਿਆ ਹੈ। ਜਾਣਕਾਰੀ ਮੁਤਾਬਕ ਯੂਥ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਹ ਦੇਸ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਮਹਾਰਾਸ਼ਟਰ ਦੇ ਸਤਾਰਾ ਦੇ 19 ਸਾਲਾ ਖਿਡਾਰੀ ਨੇ ਐਤਵਾਰ ਨੂੰ ਇੱਥੇ ਅੰਡਰ-21 ਪੁਰਸ਼ ਰਿਕਰਵ ਵਿਅਕਤੀਗਤ ਫਾਈਨਲ ਵਿੱਚ ਕੋਰੀਆ ਦੇ ਤੀਰਅੰਦਾਜ਼ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।
ਰੈਂਕਿੰਗ ਗੇੜ ਵਿੱਚ ਸਿਖ਼ਰ ’ਤੇ ਰਹਿਣ ਵਾਲੇ ਸਾਲੁੰਖੇ ਨੇ ਸੱਤਵਾਂ ਦਰਜਾ ਪ੍ਰਾਪਤ ਸੋਂਗ ਇੰਜੁਨ ਨੂੰ ਪੰਜ ਸੈੱਟਾਂ ਦੇ ਸਖਤ ਮੁਕਾਬਲੇ ਵਿੱਚ 7-3 (26-26, 25-28, 28-26, 29-26, 28-26) ਨਾਲ ਹਰਾਇਆ। ਭਾਰਤ ਨੇ ਅੰਡਰ-21 ਮਹਿਲਾ ਰਿਕਰਵ ਵਿਅਕਤੀਗਤ ਵਰਗ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ। ਕਾਂਸੀ ਦੇ ਤਗ਼ਮੇ ਲਈ ਹੋਏ ਮੁਕਾਬਲੇ ਵਿੱਚ ਭਜਨ ਕੌਰ ਨੇ ਚੀਨੀ ਤਾਇਪੇ ਦੀ ਸੂ ਸੀਨ-ਯੂ ਨੂੰ 7-1 (28-25, 27-27, 29-25, 30-26) ਨਾਲ ਹਰਾਇਆ। ਭਾਰਤ ਦੀ ਚੁਣੌਤੀ ਛੇ ਸੋਨ ਤਗ਼ਮਿਆਂ, ਇਕ ਚਾਂਦੀ ਤੇ ਚਾਰ ਕਾਂਸੀ ਦੇ ਤਗ਼ਮਿਆਂ ਨਾਲ ਸਮਾਪਤ ਹੋਈ ਜੋ ਕੁੱਲ ਤਗ਼ਮਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਸੀ। ਟੀਮ ਹਾਲਾਂਕਿ ਰੈਂਕਿੰਗ ਦੇ ਮਾਮਲੇ ਵਿੱਚ ਕੋਰੀਆ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਕੋਰੀਆ ਨੇ ਛੇ ਸੋਨ ਤਗ਼ਮਿਆਂ ਤੇ ਚਾਰ ਚਾਂਦੀ ਦੇ ਤਗ਼ਮਿਆਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ।