ਹਾਂਗਜ਼ੂ-ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ’ਚ ਸਿੰਗਾਪੁਰ ਨੂੰ 16-1 ਨਾਲ ਹਰਾ ਦਿੱਤਾ। ਜਾਣਕਾਰੀ ਮੁਤਾਬਕ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਉਜ਼ਬੇਕਿਸਤਾਨ ਨੂੰ 16-0 ਨਾਲ ਮਾਤ ਦਿੱਤੀ ਸੀ। ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜੇਤੂ ਅਤੇ ਦੁਨੀਆ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਲਈ ਇਕ ਵਾਰ ਫਿਰ ਇਹ ਬੇਮੇਲ ਮੁਕਾਬਲਾ ਸੀ ਕਿਉਂਕਿ ਸਿੰਗਾਪੁਰ ਰੈਂਕਿੰਗ ਵਿਚ 49ਵੇਂ ਸਥਾਨ ’ਤੇ ਹੈ। ਭਾਰਤ ਨੂੰ ਮੈਚ ’ਚ 22 ਪੈਨਲਟੀ ਕਾਰਨਰ ਮਿਲੇ। ਭਾਰਤ ਹੁਣ 28 ਸਤੰਬਰ ਨੂੰ ਪੂਲ-ਏ ਦੇ ਅਗਲੇ ਲੀਗ ਮੈਚ ਵਿੱਚ ਮੌਜੂਦਾ ਚੈਂਪੀਅਨ ਜਾਪਾਨ ਨਾਲ ਭਿੜੇਗਾ। ਪਹਿਲੇ ਕੁਆਰਟਰ ਦੇ ਆਖ਼ਰੀ ਦੋ ਮਿੰਟਾਂ ਵਿੱਚ ਭਾਰਤ ਨੂੰ ਮਿਲੇ ਦੋ ਪੈਨਲਟੀ ਕਾਰਨਰ ਬੇਕਾਰ ਗਏ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਪੰਜ ਪੈਨਲਟੀ ਕਾਰਨਰ ਮਿਲੇ ਪਰ ਇੱਕ ਵੀ ਗੋਲ ਨਹੀਂ ਹੋ ਸਕਿਆ। ਇਸ ਪਿੱਛੋਂ ਦੂਜੇ ਕੁਆਰਟਰ ਵਿੱਚ ਭਾਰਤ ਨੇ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਲਗਾਤਾਰ ਪੰਜ ਗੋਲ ਕੀਤੇ। ਬ੍ਰੇਕ ਤੋਂ ਬਾਅਦ ਭਾਰਤ ਨੂੰ 11ਵਾਂ ਪੈਨਲਟੀ ਕਾਰਨਰ ਮਿਲਿਆ ਪਰ ਹਰਮਨਪ੍ਰੀਤ ਗੋਲ ਕਰਨ ਤੋਂ ਖੁੰਝ ਗਿਆ। ਮਨਪ੍ਰੀਤ ਨੇ 37ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਹਰਮਨਪ੍ਰੀਤ ਦੇ ਫਲਿੱਕ ’ਤੇ ਗੋਲ ਕਰਕੇ ਭਾਰਤ ਦੀ ਲੀਡ ਹੋਰ ਵਧਾ ਦਿੱਤੀ। ਇਸ ਤੋਂ ਬਾਅਦ ਹਰਮਨਪ੍ਰੀਤ ਨੇ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ। ਭਾਰਤ ਨੂੰ ਮੈਚ ’ਚ 22 ਪੈਨਲਟੀ ਕਾਰਨਰ ਮਿਲੇ ਪਰ ਅੱਠ ’ਤੇ ਹੀ ਗੋਲ ਹੋਏ। ਇਸ ਦੌਰਾਨ ਭਾਰਤ ਲਈ ਹਰਮਨਪ੍ਰੀਤ ਨੇ ਚਾਰ (24ਵੇਂ, 39ਵੇਂ, 40ਵੇਂ, 42ਵੇਂ ਮਿੰਟ), ਮਨਦੀਪ ਨੇ ਤਿੰਨ (12ਵੇਂ, 30ਵੇਂ ਅਤੇ 51ਵੇਂ ਮਿੰਟ), ਵਰੁਣ ਕੁਮਾਰ ਨੇ ਦੋ (55ਵੇਂ ਮਿੰਟ), ਅਭਿਸ਼ੇਕ ਨੇ ਦੋ (51ਵੇਂ ਅਤੇ 52ਵੇਂ ਮਿੰਟ) ਅਤੇ ਵੀ ਐੱਸ ਪ੍ਰਸਾਦ (23ਵੇਂ ਮਿੰਟ), ਗੁਰਜੰਟ ਸਿੰਘ (22ਵੇਂ), ਲਲਿਤ ਉਪਾਧਿਆਏ (16ਵੇਂ), ਸ਼ਮਸ਼ੇਰ ਸਿੰਘ (38ਵੇਂ) ਤੇ ਮਨਪ੍ਰੀਤ ਸਿੰਘ (37ਵੇਂ) ਨੇ ਇੱਕ-ਇੱਕ ਗੋਲ ਕੀਤੇ। ਸਿੰਗਾਪੁਰ ਲਈ ਇੱਕੋ-ਇੱਕ ਗੋਲ ਮੁਹੰਮਦ ਜ਼ਾਕੀ ਬਿਨ ਜ਼ੁਲਕਰਨੈਨ ਨੇ 53ਵੇਂ ਮਿੰਟ ਵਿੱਚ ਕੀਤਾ। ਸਾਰਾ ਮੈਚ ਸਿੰਗਾਪੁਰ ਦੇ ਸਰਕਲ ਵਿੱਚ ਹੋਇਆ ਅਤੇ ਭਾਰਤੀ ਗੋਲਕੀਪਰ ਇੱਕ ਵਾਰ ਫਿਰ ਮੂਕ ਦਰਸ਼ਕ ਬਣਿਆ ਰਿਹਾ।