ਹਾਂਗਜ਼ੂ-ਏਸ਼ਿਆਈ ਪੈਰਾ ਖੇਡਾਂ ਵਿੱਚ ਪੈਰਾ ਕੈਨੋਇੰਗ ਵਿੱਚ ਪ੍ਰਾਚੀ ਯਾਦਵ ਨੇ ਸੋਨ ਤਗਮਾ ਜਿੱਤਿਆ ਅਤੇ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਜਾਣਕਾਰੀ ਮੁਤਾਬਕ ਉਸ ਨੇ ਲਗਾਤਾਰ ਦੂਜੇ ਦਿਨ ਦੇਸ਼ ਲਈ ਤਗਮਾ ਜਿੱਤਿਆ। ਭਾਰਤ ਨੇ ਅੱਜ ਮੁਕਾਬਲੇ ਦੇ ਦੂਜੇ ਦਿਨ ਤਿੰਨ ਸੋਨ ਸਮੇਤ ਕੁੱਲ 17 ਤਗਮੇ ਜਿੱਤੇ। ਇਸ ਨਾਲ ਦੇਸ਼ ਦੇ ਕੁੱਲ ਤਗਮਿਆਂ ਦੀ ਗਿਣਤੀ 34 ਹੋ ਗਈ। ਭਾਰਤ ਨੇ ਬੀਤੇ ਦਿਨ ਛੇ ਸੋਨ ਸਮੇਤ ਕੁੱਲ 17 ਤਗਮੇ ਜਿੱਤੇ ਸਨ। ਚੀਨ (165), ਈਰਾਨ (47), ਜਾਪਾਨ (45) ਅਤੇ ਉਜ਼ਬੇਕਿਸਤਾਨ (38) ਤੋਂ ਬਾਅਦ ਭਾਰਤ 9 ਸੋਨੇ, 12 ਚਾਂਦੀ ਅਤੇ 13 ਕਾਂਸੇ ਦੇ ਤਗਮਿਆਂ ਨਾਲ ਪੰਜਵੇਂ ਸਥਾਨ ’ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਬੀਤੇ ਦਿਨ ਕੈਨੋਇੰਗ ਵੀਐੱਲ2 ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪ੍ਰਾਚੀ ਨੇ ਅੱਜ ਕੇਐੱਲ2 ਈਵੈਂਟ ’ਚ ਸੋਨ ਤਮਗਾ ਜਿੱਤ ਕੇ ਖੇਡਾਂ ਦਾ ਆਪਣਾ ਦੂਜਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਦੀਪਤੀ ਜੀਵਨਜੀ (ਮਹਿਲਾ ਟੀ20 400 ਮੀਟਰ), ਸ਼ਰਤ ਸ਼ੰਕਰੱਪਾ ਮਾਕਨਹੱਲੀ (ਪੁਰਸ਼ਾਂ ਦੀ ਟੀ13 5000 ਮੀਟਰ) ਅਤੇ ਨੀਰਜ ਯਾਦਵ (ਪੁਰਸ਼ਾਂ ਦੀ ਐੱਫ54/55/56 ਡਿਸਕਸ ਥਰੋਅ) ਨੇ ਸੋਨ ਤਗ਼ਮੇ ਜਿੱਤੇ ਹਨ।