ਕੋਲਕੱਤਾ-ਕ੍ਰਿਕਟ ਵਿਸ਼ਵ ਕੱਪ 2023 37ਵਾਂ ਮੈਚ ਜੋ ਕਿ ਕੋਲਕਾਤਾ ਦੇ ਈਡਨ ਗਾਰਡਨ ’ਚ ਖੇਡਿਆ ਗਿਆ ਵਿਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 243 ਦੌੜਾਂ ਨਾਲ ਹਰਾਇਆ। ਜਾਣਕਾਰੀ ਮੁਤਾਬਕ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਵਿਰਾਟ ਕੋਹਲੀ (101) ਦੇ ਸੈਂਕੜੇ ਅਤੇ ਸ਼ਰੇਅਸ ਅਈਅਰ (77) ਦੇ ਅਰਧ ਸੈਂਕੜੇ ਦੀ ਬਦੌਲਤ 5 ਵਿਕਟਾਂ ’ਤੇ 326 ਦੌੜਾਂ ਬਣਾਈਆਂ ਤੇ ਦੱਖਣੀ ਅਫ਼ਰੀਕਾ ਨੂੰ 327 ਦੌੜਾਂ ਦਾ ਟੀਚਾ ਦਿਤਾ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ ਤਾਬੜਤੋੜ ਸ਼ੁਰੂਆਤ ਕੀਤੀ ਤੇ 24 ਗੇਂਦਾਂ ’ਚ 40 ਦੌੜਾਂ ਬਣਾਈਆਂ। ਅੰਤ ਵਿਚ ਰਵਿੰਦਰ ਜਡੇਜਾ ਨੇ ਵੀ ਚੰਗੇ ਹੱਥ ਦਿਖਾਏ ਤੇ 15 ਗੇਂਦਾਂ ਵਿਚ 29 ਦੌੜਾਂ ਬਣਾਈਆਂ। ਜਵਾਬ ਵਿਚ ਦਖਣੀ ਅਫ਼ਰੀਕਾ ਦੀ ਟੀਮ ਸਿਰਫ਼ 83 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਸ ਟੂਰਨਾਮੈਂਟ ਵਿਚ ਅਜੇਤੂ ਰਹਿ ਕੇ ਇਕ ਹੋਰ ਆਸਾਨ ਜਿੱਤ ਹਾਸਲ ਕੀਤੀ। ਇਕ ਰੋਜ਼ਾ ਮੈਚਾਂ ’ਚ ਕੋਹਲੀ ਦਾ ਇਹ 49ਵਾਂ ਸੈਂਕੜਾ ਵੀ ਸੀ, ਜਿਸ ਨਾਲ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਇਕ ਰੋਜ਼ਾ ਮੈਚਾਂ ’ਚ ਸੱਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਦੱਸ ਦਈਏ ਕਿ ਇਸ ਵੇਲੇ ਅੰਕ ਸੂਚੀ ਵਿਚ ਭਾਰਤ 16 ਅੰਕਾਂ ਨਾਲ ਪਹਿਲੇ ਨੰਬਰ ’ਤੇ ਕਾਬਜ਼ ਹੈ।