ਨਵੀਂ ਦਿੱਲੀ-ਬੀਸੀਸੀਆਈ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਸਟਿੰਗ ਆਪ੍ਰੇਸ਼ਨ ’ਚ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਲੈ ਕੇ ਕਈ ਖੁਲਾਸੇ ਕਰਨ ਵਾਲੇ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਇਹ ਅਸਤੀਫਾ ਬੋਰਡ ਸਕੱਤਰ ਜੈ ਸ਼ਾਹ ਨੂੰ ਭੇਜਿਆ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਜਾਣਕਾਰੀ ਤਹਿਤ ਇਕ ਟੀਵੀ ਚੈਨਲ ਵੱਲੋਂ ਕੀਤੇ ਸਟਿੰਗ ਆਪ੍ਰੇਸ਼ਨ ਵਿਚ ਚੇਤਨ ਸ਼ਰਮਾ ਨੂੰ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਵਰਗੇ ਖਿਡਾਰੀਆਂ ’ਤੇ ਇਲਜ਼ਾਮ ਲਗਾਉਂਦੇ ਦਿਖਾਇਆ ਗਿਆ ਸੀ। ਉਹਨਾਂ ਨੇ ਕਥਿਤ ਤੌਰ ’ਤੇ ਕੋਚ ਰਾਹੁਲ ਦ੍ਰਾਵਿੜ ਅਤੇ ਵਿਰਾਟ ਕੋਹਲੀ ਨਾਲ ਹੋਈ ਗੱਲਬਾਤ ਦਾ ਵੀ ਖੁਲਾਸਾ ਕੀਤਾ ਹੈ। ਸ਼ਰਮਾ ਨੇ ਇਲਜ਼ਾਮ ਲਗਾਇਆ ਕਿ 80 ਤੋਂ 85 ਫੀਸਦੀ ਫਿੱਟ ਹੋਣ ਦੇ ਬਾਵਜੂਦ ਖਿਡਾਰੀ ਮੁਕਾਬਲੇ ’ਚ ਤੇਜ਼ੀ ਨਾਲ ਵਾਪਸੀ ਕਰਨ ਲਈ ਟੀਕੇ ਲਗਾਉਂਦੇ ਹਨ। ਸ਼ਰਮਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਵਿਚਾਲੇ ਲੜਾਈ ਸੀ। ਬੀਸੀਸੀਆਈ ਨੇ ਹਾਲ ਹੀ ਵਿਚ ਚੇਤਨ ਨੂੰ ਦੂਜੀ ਵਾਰ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਆਸਟਰੇਲੀਆ ’ਚ ਖੇਡੇ ਗਏ ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ।