ਵੈਨਕੂਵਰ-ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ ਵਿਚ ਬਰਫ਼ੀਲੇ ਤੂਫ਼ਾਨ ਨੇ ਦਸਤਕ ਦੇ ਦਿੱਤੀ ਹੈ| ਦੇਸ਼ ਦੇ ਕਈ ਹਿੱਸਿਆਂ ’ਚ ਬਰਫਬਾਰੀ ਹੋ ਰਹੀ ਹੈ| ਇਸ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਦੇ ਇਲਾਕਿਆਂ ’ਚ ਸੜਕਾਂ ’ਤੇ ਡੇਢ ਫੁੱਟ ਤੱਕ ਬਰਫ ਜਮ੍ਹਾਂ ਹੋ ਗਈ ਹੈ| ਜਾਣਕਾਰੀ ਮੁਤਾਬਕ ਕੈਨੇਡਾ ਦੇ ਵੈਨਕੂਵਰ ’ਚ ਲਗਾਤਾਰ ਬਰਫ਼ਬਾਰੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ| ਪਿਛਲੇ 24 ਘੰਟਿਆਂ ਦਰਮਿਆਨ 25 ਤੋਂ 30 ਸੈਂਟੀਮੀਟਰ ਤੱਕ ਬਰਫ਼ਬਾਰੀ ਰਿਕਾਰਡ ਕੀਤੀ ਗਈ ਹੈ| ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵੇਸਟ ਜੈੱਟ, ਏਅਰ ਇੰਡੀਆ ਸਮੇਤ ਕਈ ਜਹਾਜਾਂ ਨੂੰ ਆਪਣੀਆਂ ਉਡਾਣਾਂ ਰੋਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ| ਇਸ ਦੇ ਨਾਲ ਹੀ ਹਵਾਈ ਅੱਡੇ ਉੱਤੇ ਵੀ ਕਈ ਯਾਤਰੀ ਫਸੇ ਹੋਏ ਹਨ| ਇਸ ਤੋਂ ਇਲਾਵਾ, ਉੱਤਰੀ ਵੈਨਕੂਵਰ ਵਿੱਚ 12,000 ਤੋਂ ਵੱਧ ਘਰ ਐਤਵਾਰ ਨੂੰ ਦੁਪਹਿਰ 1 ਵਜੇ ਦੇ ਆਸਪਾਸ ਸਬਸਟੇਸ਼ਨ ਵਿੱਚ ਨੁਕਸ ਪੈਣ ਕਾਰਨ ਥੋੜ੍ਹੇ ਸਮੇਂ ਲਈ ਬਿਜਲੀ ਤੋਂ ਬਿਨਾਂ ਰਹੇ| ਅਨੁਮਾਨਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਆਰਕਟਿਕ ਫਰੰਟ ਭਾਰੀ ਬਰਫ਼ਬਾਰੀ ਕਰੇਗਾ, ਜਿਸ ਵਿੱਚ ਫਰੇਜ਼ਰ ਵੈਲੀ ਵਿੱਚ 15 ਸੈਂਟੀਮੀਟਰ ਤੱਕ ਅਤੇ ਮੈਟਰੋ ਵੈਨਕੂਵਰ ਦੇ ਕੁਝ ਹਿੱਸਿਆਂ ਵਿੱਚ 10 ਸੈਂਟੀਮੀਟਰ ਤੱਕ ਦੀ ਸੰਭਾਵਨਾ ਹੈ|