Poems

ਮਾਤਾ ਗੁਜਰੀ

  • Punjabi Bulletin
  • Dec 23, 2022
ਮਾਤਾ ਗੁਜਰੀ
  • 276 views

ਨਾਰੀ ਸ਼ਕਤੀ ਦੀ ਜੇਕਰ ਗੱਲ ਕਰੀਏ, 

ਨਾਰੀਆਂ ਵਿੱਚੋਂ ਮਹਾਨ ਮਾਂ ਗੁਜਰੀ  |

ਬੂਟਾ ਸਿੱਖੀ ਦਾ ਸਿੰਜਿਆ ਖੂਨ ਪਾ ਕੇ ,

ਜਗ ਵਿੱਚ ਉੱਚੀ ਕੀਤੀ ਸ਼ਾਨ ਮਾਂ ਗੁਜਰੀ|

ਸਿਦਕੀ, ਸਾਹਸੀ, ਦੂਰ ਦ੍ਰਿਸ਼ਟੀ ਵਾਲੀ,

ਸਿਮਰਨ ’ਚ ਲਾਵੇ ਧਿਆਨ  ਮਾਂ ਗੁਜਰੀ |

ਸਹਿਣਸ਼ੀਲਤਾ,  ਨਿਮਰਤਾ ਨਾਲ ਕੀਤੀ 

ਸੱਸ  ਸਹੁਰੇ ਦੀ ਸੇਵਾ ਦਿਲੋਂ ਜਾਨ ਮਾਂ  ਗੁਜਰੀ 


ਤਿਲਕ ਜੰਞੂ ਦੀ ਰੱਖਿਆ ਕਰਨ ਖਾਤਰ,

ਪਤੀ ਤੋਰਿਆ ਦੇਣ ਬਲੀਦਾਨ ਗੁਜਰੀ |

ਭਾਈ ਜੈਤਾ ਲੈ ਗੁਰਾਂ ਦਾ ਸੀਸ ਆਇਆ, 

ਕੀਤਾ ਸ਼ਾਂਤ,ਅਡੋਲ ਪ੍ਰਵਾਨ  ਗੁਜਰੀ |

ਬਾਲ ਗੋਬਿੰਦ ਸਿਰ ਪਈ ਜਦ ਜਿੰਮੇਵਾਰੀ, 

ਲਿਖ ਲਿਖ ਕੇ ਭੇਜੇ ਫੁਰਮਾਨ ਗੁਜਰੀ |

ਸ਼ਾਸਤਰ ਨਾਲ ਦਿੱਤੀ ਸ਼ਸਤਰ  ਵਿੱਦਿਆ 

ਸੂਝ ਬੂਝ ਨਾਲ ਬਣ ਬਾਗਬਾਨ ਗੁਜਰੀ |


ਸਰਸਾ ਕੰਢੇ ਵਿਛੜ ਗਿਆ ਪਰਿਵਾਰ ਸਾਰਾ, 

ਸੋਚ ਸੋਚ ਕੇ ਹੋਈ ਪਰੇਸ਼ਾਨ ਗੁਜਰੀ |

ਹਨੇਰੀ ਰਾਤ ਤੇ ਪੋਹ ਦਾ ਵਗੇ ਠੱਕਾ,

ਨਿੱਕੀਆਂ ਜਿੰਦਾਂ ਤੇ ਬਿਰਧ ਜਾਨ ਗੁਜਰੀ |

 ਭਰੋਸਾ ਕਰ ਰਸੋਈਏ ਗੰਗੂ  ਉੰੱਤੇ, 

ਤੁਰੀ ਬਿਖੜੇ ਰਾਹ ਬੀਆਬਾਨ ਗੁਜਰੀ  |

ਮੋਹਰਾਂ ਵੇਖ ਕੇ ਗੰਗੂ ਦੇ ਤੌਰ ਬਦਲੇ 

ਹੋਈ ਤੱਕ ਕੇ ਉਹਨੂੰ  ਹੈਰਾਨ ਗੁਜਰੀ |


ਈਨ ਮੰਣਨੀ ਨਹੀਂ, ਧਰਮ ਛੱਡਣਾ ਨਹੀਂ ,

ਕੀਤਾ ਪੋਤਿਆਂ ਨੂੰ ਸਾਵਧਾਨ ਗੁਜਰੀ |

ਸਬਰ, ਸੰਤੋਖ, ਪਿਆਰ ਦੀ ਪੁੱਠ ਦੇ ਕੇ

ਕੀਤਾ ਪੋਤਿਆਂ ਨੂੰ ਬਲਵਾਨ ਗੁਜਰੀ |

ਪੋਤੇ ਚਿਣੇ ਦੀਵਾਰ ਵਿੱਚ ਸੁਣਦਿਆਂ ਹੀ, 

ਆਪ ਪ੍ਰਭ ਪੁਰ ਕੀਤਾ ਪਯਾਨ ਗੁਜਰੀ |

ਦੇਸ਼ ,ਕੌਮ ਦੇ ਲਈ ਸ਼ਹੀਦ ਹੋ ਕੇ,

ਪਾਇਆ ਜਗ  ਦੇ ਵਿੱਚ ਸਨਮਾਨ ਗੁਜਰੀ 

-ਅਮਰਜੀਤ ਕੌਰ ਮੋਰਿੰਡਾ 

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026