Poems

ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ

  • Punjabi Bulletin
  • Dec 24, 2022
ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ
  • 207 views

ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,

ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ|

ਟੁੱਭੀ ਮਾਰ ਕੇ ’ਸਰਸਾ’ ਦੇ ਰੋੜ੍ਹ ਅੰਦਰ,

ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ|


ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,

ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ|

ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ,

ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ|


ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,

ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ|

ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,

ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ|


ਬਾਪੂ ! ਸੱਚੇ ਇਕ ਕੌਮੀ ਸਰਦਾਰ ਤਾਈਂ,

ਪੀਰ ਉੱਚ ਦਾ ਵੀ ਬਣਨਾ ਪੈ ਸਕਦੈ|

ਖ਼ੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ,

ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦੈ|


(ਪਰ) ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ,

ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ|

ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ ’ਤੇ,

ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ|


ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ,

ਜੇਕਰ ਅੱਗ ’ਤੇ ਚੜ੍ਹੇ ਤਾਂ ਚੜ੍ਹਨ ਦੇਵੀ|

ਸਾਡੀ ਮੜ੍ਹੀ ’ਤੇ ਉੱਗੇ ਹੋਏ ਘਾਹ ਅੰਦਰ,

ਠਾਹਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ|


ਐਪਰ ਜਬਰ ਅੱਗੇ ਕਿੱਦਾਂ ਸਬਰ ਕਰੀਏ,

ਅਸੀ ਇਹੋ ਜੀ ਜ਼ਹਿਰ ਨਾ ਪੀ ਸਕਦੇ|

ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸਨੂੰ,

ਅਸੀਂ ਜੂਨ ਅਜਿਹੀ ਨਾ ਜੀ ਸਕਦੇ|


ਸੰਤ ਰਾਮ ਉਦਾਸੀ

Additional links

Calgary
contact@punjabilinkradio.com

Flag Counter
Punjabi Link & Punjabi Bulletin

© 2016-2026